“ਅਗਾਊਂ ਸ਼ਿਕਾਇਤ ਦਰਜ ਕਰਵਾਉਣ ਲਈ ਟੋਲ ਫ੍ਰੀ ਨੰਬਰ ਤੇ ਵੈਬਸਾਈਟ ਜਾਰੀ”
ਫਰੀਦਕੋਟ, 17 ਫਰਵਰੀ (ਰਾਜੇਸ਼ ਜੈਨ): ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ,ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਅਗਵਾਈ ਹੇਠ ਰਾਜ ਪੱਧਰੀ ਵਰਚੁਅਲ ਜਨਤਾ ਦਰਬਾਰ ਮਿਤੀ 23 ਫਰਵਰੀ, 2023 ਨੂੰ ਸਵੇਰੇ 11.00 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ।ਇਸ ਜਨਤਾ ਦਰਬਾਰ ਵਿੱਚ ਪੰਜਾਬ ਦੇ ਪੇਂਡੂ ਖੇਤਰਾਂ ਦੇ ਨਾਗਰਿਕਾਂ ਦੀਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਨਾਲ ਸਬੰਧਤ ਸ਼ਿਕਾਇਤਾਂ ਦਾ ਮੌਕੇ ਉੱਤੇ ਨਿਪਟਾਰਾ ਕਰਨ ਦਾ ਯਤਨ ਕੀਤਾ ਜਾਵੇਗਾ। ਕੈਬਨਿਟ ਮੰਤਰੀ ਵੱਲੋਂ ਇਹ ਜਨਤਾ ਦਰਬਾਰ ਚੰਡੀਗੜ੍ਹ ਵਿਖੇ ਵਰਚੁਅਲ ਤਰੀਕੇ ਨਾਲ ਅਟੈਂਡ ਕੀਤਾ ਜਾਵੇਗਾ,ਜਿਸ ਵਿੱਚ ਜਲ ਸਪਲਾਈ ਵਿਭਾਗ ਦੇ ਪੂਰੇ ਪੰਜਾਬ ਦੇ ਮੁੱਖ ਇੰਜੀਨੀਅਰ ਸ਼ਾਮਿਲ ਹੋਣਗੇ ਜਦਕਿ ਵਿਭਾਗ ਦੇ ਸਮੂਹ ਨਿਗਰਾਨ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਆਪਣੇ ਆਪਣੇ ਦਫ਼ਤਰਾਂ ਰਾਹੀਂ ਹੀ ਆਨਲਾਈਨ ਇਸ ਦਰਬਾਰ ਨੂੰ ਅਟੈਂਡ ਕਰਨਗੇ।ਜਨਤਾ ਦਰਬਾਰ ਵਿਚ ਮੰਤਰੀ ਨਾਲ ਪ੍ਰਿਸੀਪਲ ਸੈਕਟਰੀ ਅਤੇ ਐਚ.ਓ.ਡੀ ਮੁਖੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੀ ਮੌਜੂਦ ਰਹਿਣਗੇ।ਇਹ ਜਾਣਕਾਰੀ ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਫ਼ਰੀਦਕੋਟ ਜਸਵਿੰਦਰ ਸਿੰਘ ਨੇ ਦਿੱਤੀ।