ਲੁਧਿਆਣਾ,03 ਮਈ (ਭਗਵਾਨ ਭੰਗੂ) : ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੀ ਭਾਰਤੀ ਕਾਲੋਨੀ ‘ਚੋਂ ਅੱਜ ਸਵੇਰੇ ਘਰੋਂ ਸਬਜ਼ੀ ਮੰਡੀ ਲਈ ਰਵਾਨਾ ਹੋਇਆ ਮਨੀ ਨਾਮ ਦਾ ਮੁਨੀਮ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਮੰਡੀ ‘ਚ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਜ ਸਵੇਰੇ ਭਾਰਤੀ ਕਾਲੋਨੀ ਦਾ ਰਹਿਣ ਵਾਲਾ ਮਨੀ ਮੁਨੀਮ ਜੋ ਕਿ ਸਬਜ਼ੀ ਮੰਡੀ ‘ਚ ਆੜ੍ਹਤੀਏ ਕੋਲ ਮੁਨੀਮੀ ਦਾ ਕੰਮ ਕਰਦਾ ਸੀ, ਸਵੇਰੇ ਸਾਢੇ 3 ਵਜੇ ਘਰੋਂ ਨਿਕਲਿਆ ਪਰ ਮੰਡੀ ਨਹੀਂ ਪਹੁੰਚਿਆ। ਇਸ ਤੋਂ ਬਾਅਦ ਆੜ੍ਹਤੀਏ ਨੇ ਉਸ ਦੇ ਘਰਦਿਆਂ ਨਾਲ ਸੰਪਰਕ ਕੀਤਾ ਤਾਂ ਘਰਦਿਆਂ ਨੇ ਆਸੇ-ਪਾਸੇ ਦੇ ਇਲਾਕਿਆਂ ਦੀ ਛਾਣਬੀਨ ਕੀਤੀ। ਕਿਸੇ ਪਾਸੇ ਵੀ ਮਨੀ ਦਾ ਪਤਾ ਨਾ ਲੱਗਣ ‘ਤੇ ਸੂਚਨਾ ਥਾਣਾ ਸਲੇਮ ਟਾਬਰੀ ਪੁਲਿਸ ਨੂੰ ਦਿੱਤੀ। ਥਾਣਾ ਸਲੇਮ ਟਾਬਰੀ ਪੁਲਿਸ ਦੇ ਡਿਊਟੀ ਅਫਸਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।