’ਆਪ’ ’ਚ ਸ਼ਾਮਲ ਹੋਏ ਕਾਂਗਰਸੀ ਕੌਂਸਲਰਾਂ ਦਾ ਦਾ ਕਾਂਗਰਸ ਨਾਲ ਕੋਈ ਸਬੰਧ ਨਹੀਂ – ਜੱਗਾ
ਜਗਰਾਉਂ, 2 ਮਈ(ਜਗਰੂਪ ਸੋਹੀ )- ਆਮ ਆਦਮੀ ਪਾਰਟੀ ਨੂੰ ਜਗਰਾਓਂ ਵਿੱਚ ਉਸ ਸਮੇਂ ਭਾਰੀ ਸਮਰਥਨ ਮਿਲਿਆ ਜਦੋਂ ਹਲਕਾ ਜਗਰਾਉਂ ਦੇ ਪੰਜ ਕੌਂਸਲਰਾਂ (ਜਿਨ੍ਹਾਂ ਵਿੱਚੋਂ ਚਾਰ ਕਾਂਗਰਸੀ ਹਨ) ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਅਤੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਕਾਲਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਕੋਲ ਜਾ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਮੁੱਖ ਮੰਤਰੀ ਵਲੋਂ ਸਿਰੋਪਾਓ ਪਾ ਕੇ ਪਾਰਟੀ ਵਿਚ ਸ਼ਾਮਲ ਕੀਤਾ। ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਕਾਂਗਰਸੀ ਕੌਂਸਲਰਾਂ ਵਿੱਚ ਕੰਵਰਪਾਲ ਸਿੰਘ, ਜਗਜੀਤ ਸਿੰਘ ਜੱਗੀ, ਪਰਮਿੰਦਰ ਕੌਰ ਕਲਿਆਣ, ਕਵਿਤਾ ਕੱਕੜ ਤੋਂ ਇਲਾਵਾ ਸਾਬਕਾ ਕੌਂਸਲਰ ਕਰਮਜੀਤ ਕੈਂਥ, ਅਕਾਲੀ ਆਗੂ ਵਿਕਰਮਜੀਤ ਸਿੰਘ ਥਿੰਦ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ, ਧਰਮਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਯੂਵਾ ਅਕਾਲੀ ਦਲ ਲੁਧਿਆਣਾ , ਸੰਜੀਵ ਕੱਕੜ ਸੰਜੂ, ਵਿਨੈ ਕਲਿਆਣ, ਗੁਰਪ੍ਰਤਾਪ ਸਿੰਘ ਸੀਨੀਅਰ ਅਕਾਲੀ ਆਗੂ, ਦਿਨੇਸ਼ ਕੁਮਾਰ ਸੀਨੀਅਰ ਉੱਪ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਅਤੇ ਪ੍ਰਵੀਨ ਖੁਰਾਣਾ ਸ਼ਾਮਲ ਹਨ।
‘ਆਪ’ ਵਿੱਚ ਸ਼ਾਮਲ ਹੋਏ ਕੌਂਸਲਰਾਂ ਦਾ ਕਾਂਗਰਸ ਨਾਲ ਸਬੰਧ ਨਹੀਂ –
ਇਸ ਸਬੰਧੀ ਜਦੋਂ ਵਿਧਾਨ ਸਭਾ ਹਲਕਾ ਜਗਰਾਉਂ ਦੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ‘ਆਪ’ ਵਿੱਚ ਸ਼ਾਮਲ ਹੋ ਕੇ ਕਾਂਗਰਸੀ ਕੌਂਸਲਰ ਹੋਣ ਦਾ ਦਾਅਵਾ ਕਰਨ ਵਾਲਿਆਂ ਦਾ ਕਾਂਗਰਸ ਪਾਰਟੀ ਨਾਲ ਪਹਿਲਾਂ ਕੋਈ ਸਬੰਧ ਨਹੀਂ ਸੀ। ਸੱਤਾ ਦੇ ਲਾਲਚ ਵਿੱਚ ਉਸ ਨੇ ਆਪਣੀ ਹੀ ਪਾਰਟੀ ਦੇ ਨਗਰ ਕੌਂਸਲ ਪ੍ਰਧਾਨ ਵਿਰੁੱਧ ਬਗਾਵਤ ਕਰਕੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਇਸ ਲਈ ਪਾਰਟੀ ਨੇ ਪਹਿਲਾਂ ਹੀ ਇਨ੍ਹਾਂ ਲੋਕਾਂ ਤੋਂ ਦੂਰੀ ਬਣਾ ਲਈ ਸੀ ਅਤੇ ਉਹ ਪਹਿਲਾਂ ਹੀ ‘ਆਪ’ ਵਿਧਾਇਕ ਨਾਲ ਸਨ। ਹੁਣ ਉਨ੍ਹਾਂ ਦੇ ਗਲੇ ਵਿੱਚ ’ਆਪ’ ਦਾ ਸਿਰੋਪਾਓ ਪਾ ਲਿਆ ਹੈ।