ਫਤਹਿਗੜ੍ਹ ਸਾਹਿਬ, 18 ਫਰਵਰੀ ( ਰਾਜਨ ਜੈਨ) -ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸਰਹਿੰਦ ਬਲਾਕ ਦੇ ਪਿੰਡ ਸਿੱਧੂਵਾਲ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਇਸ ਮੌਕੇ ਉਨ੍ਹਾਂ ਪਟਿਆਲਾ ਸਰਹਿੰਦ ਰੋਡ ਤੇ ਬਣ ਰਹੇ ਨਹਿਰ ਦੇ ਪੁਲ ਨਾਲ ਪਿੰਡ ਨੂੰ ਆਉਣ ਜਾਣ ਵਾਲਾ ਰਸਤਾ ਬਣਾਉਣ ਬਾਰੇ ਵੀ ਪਿੰਡ ਵਾਸੀਆਂ ਨਾਲ ਗੱਲ ਕੀਤੀ ਉਨ੍ਹਾਂ ਕਿਹਾ ਕਿ ਪੁਲ ਬਨਣ ਨਾਲ ਪਿੰਡ ਦੇ ਲੋਕਾਂ ਦਾ ਰਾਹ ਬੰਦ ਨਹੀਂ ਹੋਵੇਗਾ ਅਤੇ ਪ੍ਰਸ਼ਾਸਨ ਪਿੰਡ ਦੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਕੋਈ ਕਸਰ ਨਹੀਂ ਛੱਡੇਗਾ। ਡਿਪਟੀ ਕਮਿਸ਼ਨਰ ਨੇ ਪਿੰਡ ਦੇ ਪੰਚਾਇਤ ਦੀ ਮੰਗ ਤੇ ਪਿੰਡ ਸਿੱਧੂਵਾਲ ਨੂੰ ਹੋਰਨਾਂ ਪਿੰਡਾਂ ਨਾਲ ਜੋੜਨ ਵਾਲਾ ਸੰਪਰਕ ਰਾਹ ਬਣਾਉਣ ਲਈ ਵੀ ਪੰਚਾਇਤ ਨੂੰ ਮਤਾ ਪਾਉਣ ਲਈ ਕਿਹਾ ਅਤੇ ਕਿਹਾ ਕਿ ਇਹ ਰਸ਼ਤਾ ਬਣਾਉਣ ਲਈ ਜਲਦੀ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਪੰਚਾਇਤ ਦੇ ਮਤੇ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਅਨੁਸਾਰ ਹੀ ਰਸ਼ਤਾ ਬਣਾਇਆ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਪਿੰਡ ਸਿੱਧੂਵਾਲ ਵਿਖੇ ਪਾਰਕ ਦਾ ਨਿਰਮਾਣ, ਕੂੜਾ ਕਰਕਟ ਦੀ ਸਹੀ ਸਾਂਭ ਸੰਭਾਲ ਲਈ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਲਗਾਉਣ ਬਾਰੇ ਵੀ ਕਿਹਾ ਅਤੇ ਪਿੰਡ ਵਾਸੀਆਂ ਨੂੰ ਕਿਹਾ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਅਧਾਰ ਤੇ ਹੋਵੇਗਾ। ਇੱਥੇ ਵਰਨਣਯੋਗ ਹੈ ਕਿ ਪਟਿਆਲਾ ਸਰਹਿੰਦ ਰੋਡ ਤੇ ਭਾਖੜਾ ਨਹਿਰ ਦਾ ਪੁਲ ਚੌੜਾ ਕਰਨ ਲਈ ਕਾਰਵਾਈ ਸੂਰੂ ਕੀਤੀ ਗਈ ਸੀ, ਜਿਸ ਕਾਰਨ ਪਿੰਡ ਵਾਸੀਆਂ ਨੂੰ ਮਾਣਯੋਗ ਅਦਾਲਤ ਤੋਂ ਇਹ ਕਹਿ ਕਿ ਸਟੇਅ ਲਈ ਹੋਈ ਸੀ ਕਿ ਪੁਲ ਬਨਣ ਨਾਲ ਪਿੰਡ ਦਾ ਰਸਤਾ ਬੰਦ ਹੋ ਜਾਵੇਗਾ, ਇਸ ਮਾਮਲੇ ਬਾਰੇ ਡਿਪਟੀ ਕਮਿਸ਼ਨਰ ਨੇ ਪੰਚਾਇਤ ਮੈਂਬਰਾਂ ਨਾਲ ਵਿਸਥਾਰਪੂਰਵਕ ਗੱਲ ਕੀਤੀ, ਜਿਸਤੇ ਪੰਚਾਇਤ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿੱਤਾ ਕਿ ਇਸ ਬਾਰੇ ਪਟਿਸ਼ਨਰਾਂ ਨੂੰ ਮਾਣਯੋਗ ਕੋਰਟ ਵਿੱਚ ਕੀਤੀ ਪਟੀਸ਼ਨ ਵਾਪਸ ਲੈਣ ਬਾਰੇ ਕਹਿਣਗੇ। ਇਸ ਮੌਕੇ ਕਾਰਜਕਾਰੀ ਇੰਜੀਨੀਅਰ ਪੀ.ਡਬਲਿਊ.ਡੀ ਸੁਰਿੰਦਰ ਸਿੰਘ, ਨਾਇਬ ਤਹਿਸੀਲਦਾਰ ਰਵਿੰਦਰ ਕੌਰ, ਬੀ.ਡੀ.ਪੀ.ਓ ਰਮੇਸ਼ ਕੁਮਾਰ ਤੋਂ ਇਲਾਵਾ ਪਿੰਡ ਦੇ ਸਰਪੰਚ, ਪੰਚਾਇਤ ਮੈਂਬਰ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।
