ਕਰੀਬ 10 ਸਾਲਾਂ ਤੋਂ ਪੰਜਾਬ ਵਿੱਚ ਵੱਡੇ ਡਰੱਗ ਰੈਕੇਟ ਦੀ ਚਰਚਾ ਚੱਲਦੀ ਆ ਰਹੀ ਹੈ। ਇਸ ਰੈਕੇਟ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਇੱਕ ਪੁਲਿਸ ਅਫਸਰ ਜਗਦੀਸ਼ ਸਿੰਘ ਭੋਲਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਭੋਲਾ ਨੇ ਇੱਕ ਵੱਡੇ ਸਿਆਸੀ ਨੇਤਾ ਦਾ ਨਾਮ ਲਿਆ ਅਤੇ ਕਈ ਵੱਡੇ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆਏ। ਵੱਡੇ ਸਿਆਸੀ ਆਗੂ ਦਾ ਨਾਂ ਸਾਹਮਣੇ ਆਉਣ ’ਤੇ ਕਾਫੀ ਹੰਗਾਮਾ ਹੋਇਆ। ਜਿਸ ਲਈ ਅਦਾਲਤ ਦੀਆਂ ਹਦਾਇਤਾਂ ’ਤੇ ਸਮੇਂ-ਸਮੇਂ ’ਤੇ ਸਰਕਾਰਾਂ ਵੱਲੋਂ ਕਈ ਜਾਂਚ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ। ਜਿਨ੍ਹਾਂ ਨੇ ਆਪਣੀ ਸੀਲਬੰਦ ਰਿਪੋਰਟਾਂ ਹਾਈ ਕੋਰਟ ਵਿਚ ਦਾਖਲ ਵੀ ਕੀਤੀਆਂ। ਸਾਲ 2018 ’ਚ ਇਹ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਵਿਚ ਹਰੇਕ ਸਾਲ 6000 ਕਰੋੜ ਦਾ ਵੱਡਾ ਡਰੱਗ ਕਾਰੋਬਾਰ ਹੁੰਦਾ ਹੈ। ਜਿਸ ਵਿਚ ਵੱਡੇ ਸਿਆਸੀ ਚਿਹਰੇ ਅਤੇ ਉੱਚ ਪੁਲਸ ਅਧਿਕਾਰੀ ਸ਼ਾਮਲ ਹਨ। ਇਸ ਮਾਮਲੇ ’ਚ ਕਈ ਉੱਚ ਅਧਿਕਾਰੀਆਂ ਖਿਲਾਫ ਕਾਰਵਾਈ ਵੀ ਕੀਤੀ ਗਈ ਸੀ। ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਵੇਲੇ ਐਫਆਈਆਰ ਦਰਜ ਕਰਕੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹ ਕਈ ਮਹੀਨੇ ਜੇਲ ਵਿਚ ਵੀ ਰਹੇ। ਹੁਣ ਇੱਕ ਵਾਰ ਫਿਰ ਇਹ ਮਾਮਲਾ ਉਸ ਸਮੇਂ ਸੁਰਖੀਆਂ ਵਿੱਚ ਹੈ ਜਦੋਂ ਪੰਜਾਬ ਸਰਕਾਰ ਨੇ ਹਾਈ ਕੋਰਟ ਵਿਚ ਹਲਫ਼ਨਾਮਾ ਦਾਇਰ ਕਰਕੇ ਕਿਹਾ ਹੈ ਕਿ ਜੇਕਰ ਹਾਈ ਕੋਰਟ ਨਿਰਦੇਸ਼ ਦਿੰਦੀ ਹੈ ਤਾਂ ਉਹ ਸੀਲਬੰਦ ਰਿਪੋਰਟਾਂ ਵਿਚ ਸ਼ਾਮਲ ਨਾਵਾਂ ਵਾਲੇ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਵਿਰੁੱਧ ਕਾਰਵਾਈ ਕਰਨ ਲਈ ਤਿਆਰ ਹਨ। ਇਸ ਮਾਮਲੇ ਦੀ ਸੁਣਵਾਈ 28 ਮਾਰਚ ਨੂੰ ਹਾਈ ਕੋਰਟ ਵਲੋਂ ਪੈਂਡਿੰਗ ਰੱਖੀ ਗਈ ਹੈ। ਤਿੰਨੋਂ ਸੀਲਬੰਦ ਰਿਪੋਰਟਾਂ ਖੋਲ੍ਹਣ ਤੋਂ ਬਾਅਦ ਰਿਪੋਰਟਾਂ ਸ਼ਾਮਲ ਨਾਵਾਂ ਦੇ ਆਧਾਰ ’ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਤਾਂ ਪੰਜਾਬ ’ਚ ਇਕ ਵਾਰ ਫਿਰ ਸਿਆਸੀ ਉਥਲ-ਪੁਥਲ ਮੱਚ ਜਾਵੇਗੀ ਕਿਉਂਕਿ ਪੰਜਾਬ ’ਚ ਮੌਜੂਦਾ ਨਸ਼ੇ ਦੇ ਧੰਦੇ ਵਿਚ ਸਿਆਸੀ ਨੇਤਾਵਾਂ ਅਤੇ ਪੁਲਸ ਅਧਿਕਾਰੀਆਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇਕਰ ਪੁਲਸ ਚਾਹੇ ਤਾਂ ਇਕ ਚੁਟਕੀ ਵੀ ਨਹੀਂ ਵਿਕ ਸਕਦੀ। ਆਮ ਤੌਰ ’ਤੇ ਚਰਚਾ ਹੁੰਦੀ ਹੈ ਕਿ ਗਲੀ-ਮੁਹੱਲਿਆਂ ਵਿੱਚ ਖੁੱਲ੍ਹੇਆਮ ਨਸ਼ਾ ਵਿਕਦਾ ਹੈ। ਉੱਥੇ ਹੀ ਨਸ਼ਾ ਵੇਚਣ ਵਾਲਿਆਂ ਦਾ ਇਲਾਕੇ ਦੇ ਪੁਲਿਸ ਅਧਿਕਾਰੀਆਂ ਨਾਲ ਗਠਜੋੜ ਹੁੰਦਾ ਹੈ। ਜੇਕਰ ਕਿਸੇ ਦਬਾਅ ਹੇਠ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਛਾਪੇਮਾਰੀ ਵੀ ਕਰਨੀ ਪਈ ਤਾਂ ਉਸਦੀ ਸੂਚਨਾ ਪਹਿਲਾਂ ਉਨ੍ਹਾਂ ਤੱਕ ਪਹੁੰਚਦੀ ਹੈ। ਇਹੀ ਕਾਰਨ ਹੈ ਕਿ ਪੂਰੇ ਪੰਜਾਬ ’ਚ ਪੁਲਸ ਵਲੋਂ ਸਮੂਹਿਕ ਤੌਰ ’ਤੇ ਨਸ਼ਾ ਤਸਕਰਾਂ ਖਿਲਾਫ ਕੀਤੀ ਜਾਣ ਵਾਲੀ ਛਾਪੇਮਾਰੀ ਵਿਚ ਵੀ ਪੁਲਸ ਨੂੰ ਕੋਈ ਸਫਲਤਾ ਹਾਸਿਲ ਨਹੀਂ ਹੁੰਦੀ। ਹਰ ਇਲਾਕੇ ’ਚ ਛਾਪੇਮਾਰੀ ਕਰਕੇ ਵੱਡੀਆਂ-ਵੱਡੀਆਂ ਟੀਮਾਂ ਬਣਾ ਕੇ ਵਿਭਾਗ ਬੇਰੰਗ ਵਾਪਿਸ ਪਤਰਦਾ ਰਿਹਾ ਹੈ। ਨਸ਼ਾ ਤਸਕਰ ਵੱਡਾ ਜਾਂ ਛੋਟਾ ਉਸ ਨਾਲ ਪੁਲਿਸ ਦੇ ਗਠਜੋੜ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਸਦੇ ਨਾਲ ਹੀ ਇਲਾਕੇ ਦੇ ਰਾਜਨੀਤਿਕ ਲੋਕਾਂ ਨਾਲ ਵੀ ਉਸਦੇ ਸਬੰਧ ਵਧੀਆ ਹੁੰਦੇ ਹਨ ਕਿਉਂਕਿ ਸਿਆਸੀ ਲੋਕ ਅਕਸਰ ਉਨ੍ਹਾਂ ਦੀ ਪਾਰਟੀ ਇੱਕਠਾਂ ਅਤੇ ਹੋਰ ਤਰ੍ਹਾਂ ਦੇ ਪ੍ਰੋਗ੍ਰਾਮਾ ਲਈ ਅਜਿਹੇ ਲੋਕਾਂ ਦਾ ਸਹਾਰਾ ਲਿਆ ਜਾਂਦਾ ਹੈ ਅਤੇ ਉਹ ਇਸ ਧੰਦੇ ਨੂੰ ਚਲਾਉਣ ਲਈ ਸਿਆਸੀ ਲੋਕਾਂ ਦੀ ਹਰ ਇੱਛਾ ਪੂਰੀ ਕਰਦੇ ਹਨ ਅਤੇ ਪੁਲਿਸ ਨਾਲ ਦੋਸਤੀ ਹਰ ਖੇਤਰ ’ਚ ਦੇਖਣ ਨੂੰ ਮਿਲਦੀ ਹੈ। ਪਰ ਕੁਝ ਮਾਮਲਿਆਂ ਵਿਚ ਤਾਂ ਇਹ ਦਲਾਲ ਅਕਸਰ ਹੀ ਉੱਚ ਪੁਲਿਸ ਅਫਸਰਾਂ ਦੇ ਦਫਤਰਾਂ ਵਿਚ ਚਾਹ ਦੀ ਚੁਸਕੀਆਂ ਲੈਂਦੇ ਹਨ ਅਤੇ ਲੋਕਾਂ ਦੇ ਕੰਮ ਕਰਵਾਉਣ ਲਈ ਅਕਸਰ ਦਲਾਲੀ ਕਰਦੇ ਹਨ। ਅਪਰਾਧੀ, ਦਲਾਲ, ਪੁਲਿਸ ਅਤੇ ਰਾਜਨੀਤਿਕ ਲੋਕਾਂ ਵਿਚ ਚੱਲ ਰਹੇ ਗਠਜੋੜ ਨੂੰ ਤੋੜਨ ਦੀ ਲੋੜ ਹੈ। ਜਿਸ ਤੋਂ ਬਿਨਾਂ ਕਿਸੇ ਕਿਸਮ ਦਾ ਸੁਧਾਰ ਕਰਨਾ ਅਸੰਭਵ ਹੈ। ਜੋ ਡਰੱਗ ਰੈਕੇਟ ਸੰਬੰਧੀ ਸੀਲ ਬੰਦ ਰਿਪੋਰਟਾਂ ਅਜੇ ਹਾਈ ਕੋਰਟ ਵਿਚ ਪਈਆਂ ਹਨ ਜਦੋਂ ਵੀ ਕੋਰਟ ਉਨ੍ਹਾਂ ਮਹਾਨ ਹਸਤੀਆਂ ਦਾ ਖੁਲਾਸਾ ਕਰੇਗੀ ਤਾਂ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਬਖਸ਼ਿਆ ਨਾ ਜਾਵੇ ਭਾਵੇਂ ਉਹ ਕਿਸੇ ਵੀ ਰੁਤਬੇ , ਪੈਸੇ ਅਤੇ ਪਹੁੰਚ ਵਾਲਾ ਕਿਉਂ ਨਾ ਹੋਵੇ ਕਿਉਂਕਿ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਅਤੇ ਉਨ੍ਹਾਂ ਦੀਆਂ ਜਾਨਾਂ ਲੈਣ ਵਾਲੇ ਅਸਲ ਵਿਚ ਅਜਿਹੇ ਲੋਕ ਹੀ ਹਨ। ਜੋ ਕਿਸੇ ਵੀ ਤਰ੍ਹਾਂ ਨਾਲ ਤਰਸ ਦੇ ਪਾਤਰ ਨਹੀਂ ਹੋ ਸਕਦੇ। ਅੱਜ ਨਸ਼ੇ ਕਾਰਨ ਹੀ ਪੰਜਾਬ ਦਾ ਪੜ੍ਹਿਆ ਲਿਖਿਆ ਨੌਜਵਾਨ ਵਪਗ ਵਿਦੇਸ਼ਾਂ ਵੱਲ ਨੂੰ ਵਹੀਰਾਂ ਘੱਤ ਕੇ ਜਾ ਰਿਹਾ ਹੈ।
ਹਰਵਿੰਦਰ ਸਿੰਘ ਸੱਗੂ ।