ਜਗਰਾਓਂ, 23 ਜੂਨ ( ਅਸ਼ਵਨੀ, ਮੋਹਿਤ ਜੈਨ)-ਸਿਵਲ ਸਰਜਨ ਲੁਧਿਆਣਾ ਦੇ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਵਰੁਨ ਸੱਗੜ ਦੇ ਹੁਕਮਾਂ ਅਨੁਸਾਰ ਪ੍ਰਕਾਸ਼ ਸਿੰਘ ਹੈਲਥ ਇੰਸਪੈਕਟਰ, ਗਰਮਿੰਟ ਸਿੰਘ ਸਹਾਇਕ ਮਲੇਰੀਆ ਅਫ਼ਸਰ ਦੀ ਅਗਵਾਈ ਵਿੱਚ ਸਬ ਸੈਂਟਰ ਕੋਠੇ ਸ਼ੇਰ ਜੰਗ ਵਿਖੇ ਐਂਟੀ ਮਲੇਰੀਆ ਅਵੇਅਰਨੈਸ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਮਲੇਰੀਆ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਪਰਕਾਸ਼ ਸਿੰਘ ਨੇ ਮਲੇਰੀਆ ਫੈਲਣ ਦਾ ਕਾਰਨ, ਲੱਛਣ ਅਤੇ ਬਚਾਅ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮਲੇਰੀਆ ਬੁਖਾਰ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜਦੋਂ ਮੱਛਰ ਕੱਟਦੇ ਹਨ ਵਿਅਕਤੀ ਦੇ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਬਿਮਾਰ ਬਣਾਉਂਦਾ ਹੈ। ਇਹ ਮੱਛਰ ਸਾਫ਼ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਹ ਸਵੇਰ ਅਤੇ ਰਾਤ ਵੇਲੇ ਕੱਟਦਾ ਹੈ। ਮਲੇਰੀਆ ਬੁਖਾਰ ਦੇ ਲੱਛਣ ਹਨ ਠੰਡ ਤੇ ਕਾਂਬੇ ਨਾਲ ਬੁਖਾਰ, ਉਲਟੀਆਂ, ਸਿਰ ਦਰਦ, ਬੁਖਾਰ ਉਤਰਨ ਤੋਂ ਬਾਅਦ ਥਕਾਵਟ, ਕਮਜ਼ੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ। ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਬੀਮਾਰੀ ਬਹੁਤ ਗੰਭੀਰ ਪ੍ਰਭਾਵ ਦਿਖਾ ਸਕਦੀ ਹੈ ਅਤੇ ਕਈ ਵਾਰ ਘਾਤਕ ਵੀ ਹੋ ਸਕਦੀ ਹੈ। ਟੈਂਕੀਆਂ, ਕੂਲਰਾਂ, ਗਮਲਿਆਂ, ਪੰਛੀਆਂ ਦੇ ਪੀਣ ਲਈ ਰੱਖੇ ਪਾਣੀ ਵਾਲੇ ਕਟੋਰੇ ਆਦਿ ਨੂੰ ਹਫ਼ਤੇ ਤੋਂ ਪਹਿਲਾਂ ਇਕ ਵਾਰ ਖਾਲੀ ਕਰਕੇ ਸੁਕਾਉਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਚਣ ਦੇ ਤਰੀਕੇ ਹਨ ਘਰਾਂ ਦੇ ਆਲੇ ਦੁਆਲੇ ਛੋਟੇ ਟੋਇਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ ਇਹਨਾਂ ਨੂੰ ਮਿੱਟੀ ਨਾਲ ਭਰ ਦਿਓ। ਛੱਪੜਾਂ ਚ ਖੜੇ ਪਾਣੀ ਵਿੱਚ ਹਫਤੇ ਵਿਚ ਇਕ ਵਾਰ ਕਾਲੇ ਤੇਲ ਦਾ ਛਿੜਕਾਅ ਜ਼ਰੂਰ ਕਰੋ। ਕੱਪੜੇ ਅਜਿਹੇ ਪਹਿਨੋ ਕਿ ਸ਼ਰੀਰ ਪੂਰੀ ਤਰਾਂ ਢੱਕਿਆ ਰਹੇ ਤਾਂ ਕਿ ਮੱਛਰ ਨਾ ਕੱਟ ਸਕੇ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਇਹ ਤਰੀਕਾ ਅਪਣਾ ਕੇ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾ ਸਕਦੇ ਹਾਂ। ਇਸ ਕੈਂਪ ਵਿੱਚ ਪਰਮਜੀਤ ਕੌਰ ਏ ਐਨ ਐਮ, ਸਤਨਾਮ ਸਿੰਘ ਹੈਲਥ ਵਰਕਰ, ਸੀ ਐੱਚ ਓ ਮਨਪ੍ਰੀਤ, ਕਿਰਨਜੀਤ ਕੌਰ ਤੇ ਕੌਰ ਸਮੂਹ ਆਸ਼ਾ ਵਰਕਰ ਅਤੇ ਹੋਰ ਪਿੰਡ ਦੇ ਮੋਹਤਬਰ ਹਾਜ਼ਰ ਸਨ ।