ਰਾਜਪੁਰਾ(ਭਗਵਾਨ ਭੰਗੂ-ਲਿਕੇਸ ਸ਼ਰਮਾ )ਥਾਣਾ ਸ਼ੰਭੂ ਪੁਲਿਸ ਨੇ ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬੈਰੀਅਰ ‘ਤੇ ਇੰਟਰਸਟੇਟ ਸਪੈਸ਼ਲ ਨਾਕਾਬੰਦੀ ਦੌਰਾਨ 4 ਮੋਟਰਸਾਈਕਲ ਸਵਾਰ ਵਿਅਕਤੀਆਂ ਪਾਸੋਂ 24 ਪੀਸ ਏਸੀ ਬਰਾਮਦ ਕਰ ਕੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਸ਼ੰਭੂ ਵਿਖੇ ਡੀਐੱਸਪੀ ਸਰਕਲ ਘਨੌਰ ਰਘਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਨ੍ਹਾਂ ਵੱਲੋਂ ਥਾਣਾ ਸ਼ੰਭੂ ਮੁਖੀ ਇੰਸਪੈਕਟਰ ਕ੍ਰਿਪਾਲ ਸਿੰਘ ਤੇ ਸਹਾਇਕ ਥਾਣੇਦਾਰ ਭਾਨ ਸਿੰਘ ਵੱਲੋਂ ਸ਼ੰਭੂ ਬੈਰੀਅਰ ‘ਤੇ ਇੰਟਰਸਟੇਟ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤਾਂ 2 ਮੋਟਰਸਾਈਕਲਾਂ ‘ਤੇ ਸਵਾਰ ਰੋਹਿਤ, ਫਿਰੋਜ਼, ਰਵੀ ਕੁਮਾਰ ਅਤੇ ਰਜੇਸ਼ ਕੁਮਾਰ ਵਾਸੀ ਵੱਡੀ ਘੇਲ ਅੰਬਾਲਾ ਨੂੰ ਕਾਬੂ ਕਰ ਕੇ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਪਾਸੋਂ 24 ਪੀਸ ਏਸੀ ਬਰਾਮਦ ਹੋਏ। ਜਦੋਂ ਸਖ਼ਤੀ ਨਾਲ ਪੁਛਿੱਆ ਗਿਆ ਤਾਂ ਉਨ੍ਹਾਂ ਮੰਨਿਆ ਕਿ ਇਹ ਏਸੀ ਉਨ੍ਹਾਂ ਨੇ ਅਤਰ ਲੋਜਿਸਟਿਕਸ ਗੋਦਾਮ ਮੇਨ ਹਾਈਵੇ ਤੇਪਲਾ ਪਾਸੋਂ ਚੋਰੀ ਕੀਤੇ ਸਨ ਤੇ ਉਹ ਗੋਦਾਮ ਵਿਚ ਸਕਿਉਰਿਟੀ ਗਾਰਡ ਦਾ ਕੰਮ ਕਰਦੇ ਸੀ। ਉਨ੍ਹਾਂ ਦੱਸਿਆ ਕਿ ਉਕਤ ਕਾਬੂ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਡੂੰਘਾਈ ਨਾਲ ਤਫ਼ਤੀਸ਼ ਕਰ ਕੇ ਇਹ ਪੁੱਛਿਆ ਜਾਵੇਗਾ ਕਿ ਉਨ੍ਹਾਂ ਨੇ ਏਸੀ ਅੱਗੇ ਕਿਸ ਵਿਅਕਤੀ ਨੂੰ ਵੇਚਣੇ ਸਨ।