ਐਮ.ਪੀ. ਸਿਮਰਨਜੀਤ ਸਿੰਘ ਮਾਨ ਦੇ ਯਤਨਾਂ ਸਦਕਾ ਹੱਲ ਹੋ ਪਾਇਆ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਦੇ ਨਿਰਮਾਣ ਦਾ ਮਸਲਾ: ਆਗੂ
ਸੰਗਰੂਰ(ਬੋਬੀ ਸਹਿਜਲ-ਅਸਵਨੀ)ਸ਼੍ਰੋਮਣੀ ਅਕਾਲੀ ਦਲ ਅਮਿ੍ੰਤਸਰ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਜੂਮਾ, ਹਲਕਾ ਸੰਗਰੂਰ ਦੇ ਇੰਚਾਰਜ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਸ਼ਾਹਬਾਜ ਸਿੰਘ ਡਸਕਾ ਵਰਕਿੰਗ ਕਮੇਟੀ ਮੈਂਬਰ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਅ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਹਰਪਾਲ ਕੌਰ ਨੇ ਅੱਜ ਸੰਗਰੂਰ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਦੇ ਨਿਰਮਾਣ ਨੂੰ ਲੈ ਕੇ ਸਾਰੀਆਂ ਧਿਰਾਂ ਵਿੱਚ ਸੰਧੀ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਵੱਡੇ ਮਸਲੇ ਨੂੰ ਹੱਲ ਕਰਵਾਉਣ ਦਾ ਸਿਹਰਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੂੰ ਦਿੱਤਾ ਹੈ, ਜਿਨ੍ਹਾਂ ਨੇ ਦੋਵਾਂ ਧਿਰਾਂ ਵਿੱਚ ਆਪਸੀ ਸੰਧੀ ਕਰਵਾਉਣ ਲਈ ਆਪਣੇ ਪੱਧਰ ‘ਤੇ ਹਰ ਸੰਭਵ ਯਤਨ ਕੀਤੇ |
ਆਗੂਆਂ ਨੇ ਦੱਸਿਆ ਕਿ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਦੇ ਨਿਰਮਾਣ ਸੰਬੰਧੀ ਜਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸਦੇ ਚੱਲਦਿਆਂ ਕਈ ਦਿਨ ਇਸ ਮਸਲੇ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ | ਦੂਜੇ ਪਾਸੇ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਕਹਿਣਾ ਸੀ ਕਿ ਐਸ.ਜੀ.ਪੀ.ਸੀ. ਵੱਲੋਂ ਕਾਲਜ ਵਾਲੀ ਜਮੀਨ ‘ਤੇ ਸਟੇਅ ਲੈਣ ਕਰਕੇ ਕਾਲਜ ਦਾ ਨਿਰਮਾਣ ਨਹੀਂ ਹੋ ਪਾ ਰਿਹਾ | ਉਨ੍ਹਾਂ ਦਾ ਕਹਿਣਾ ਸੀ ਕਿ ਕੁਝ ਲੋਕ ਮੈਡੀਕਲ ਕਾਲਜ ਦੇ ਨਿਰਮਾਣ ਵਿੱਚ ਜਾਣਬੁਝ ਕੇ ਰੁਕਾਵਟ ਬਣ ਰਹੇ | ਇਸ ਤੋਂ ਬਾਅਦ ਮਸਤੂਆਣਾ ਸਾਹਿਬ ਦੀ ਕਮੇਟੀ ਐਮ.ਪੀ. ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਅਤੇ ਉਪਰੋਕਤ ਸਾਰਾ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ | ਇਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਕਮੇਟੀ ਨੂੰ ਕਾਲਜ ਲਈ ਹੋਰ ਥਾਂ ਦੇਣ ਲਈ ਮਨਾਇਆ ਅਤੇ ਇਸ ਬਾਰੇ ਮੁੱਖ ਮੰਤਰੀ ਪੰਜਾਬ ਨੂੰ ਵੀ ਚਿੱਠੀ ਲਿਖ ਕੇ ਮੈਡੀਕਲ ਕਾਲਜ ਬਣਾਉਣ ਲਈ ਬੇਨਤੀ ਕੀਤੀ | ਹੁਣ ਜਦੋਂ ਸਾਰੀਆਂ ਧਿਰਾਂ ਮੈਡੀਕਲ ਕਾਲਜ ਦੇ ਨਿਰਮਾਣ ਨੂੰ ਲੈ ਕੇ ਰਾਜੀ ਹੋ ਗਈਆਂ ਹਨ ਤਾਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਇਹ ਸਭ ਕੁਝ ਸੰਭਵ ਹੋ ਪਾਇਆ ਹੈ | ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਬਣਨ ਨਾਲ ਹਲਕੇ ਦੇ ਨੌਜਵਾਨਾਂ ਨੂੰ ਕਾਫੀ ਲਾਭ ਮਿਲੇਗਾ |
ਸ. ਸੰਜੂਮਾਂ ਨੇ ਦੱਸਿਆ ਕਿ ਮੈਡੀਕਲ ਕਾਲਜ ਬਣਨ ਦਾ ਰਾਹ ਪੱਧਰਾ ਹੋਣ ਦੀ ਖੁਸ਼ੀ ਵਿੱਚ ਸ਼੍ਰੋਮਣੀ ਅਕਾਲੀ ਦਲ ਅ ਵੱਲੋਂ ਮਿਤੀ 23 ਫਰਵਰੀ ਦਿਨ ਵੀਰਵਾਰ ਨੂੰ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਸਵੇਰੇ 9 ਵਜੇ ਅਰਦਾਸ ਸਮਾਗਮ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਹਾਜਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਦਫਤਰ ਸਕੱਤਰ ਕੁਲਵੰਤ ਸਿੰਘ ਲੱਡੀ, ਯੂਥ ਆਗੂ ਅਰਸ਼ਦੀਪ ਸਿੰਘ ਵੀ ਹਾਜਰ ਸਨ ।
