ਚੰਡੀਗੜ(ਰਾਜਨ-ਰੋਹਿਤ)ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਹਰ ਪੱਖੋਂ ਖੁਸ਼ਹਾਲ ਸੂਬਾ ਬਣਾਉਣ ਅਤੇ ਇਸ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਵਚਨਬੱਧ ਹਨ ਇਸ ਲਈ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਵੀ ਸੁਰੱਖਿਅਤ ਅਤੇ ਪ੍ਰਫੁੱਲਤ ਕਰਨ ਦੀ ਲੋੜ ਹੈ। ਇਹ ਵਿਚਾਰ ਅੱਜ ਇਥੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿਖੇ ਇੱਕ ਸੱਭਿਆਚਾਰਕ ਪ੍ਰੋਗਰਾਮ ਦੌਰਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰਗਟਾਏ।
ਪੰਜਾਬ ਸਕੱਤਰੇਤ ਕਲਚਰਲ ਸੋਸਾਇਟੀ (ਰਜਿ.) ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ‘ਬੋਲ ਪੰਜਾਬ ਦੇ-2023’ ਸਮਾਗਮ ਕਰਵਾਇਆ ਗਿਆ ਜੋ ਸ੍ਰੀ ਜਗਦੀਸ਼ ਸਿੰਘ ਜੱਗੀ, ਭੰਗ, ਸਟੇਜ ਅਤੇ ਫਿਲਮ ਕਲਾਕਾਰ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਅਮਰਪਾਲ ਸਿੰਘ ਆਈ.ਏ.ਐਸ. ਨੇ ਕੀਤੀ ਜਦਕਿ ਸਲਿੰਦਰ ਕੌਰ ਡਾਇਰੈਕਟਰ ਬਾਗਬਾਨੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਵੱਲੋਂ ਮਲਵਈ ਗਿੱਧਾ ਪੇਸ਼ ਕੀਤਾ ਗਿਆ। ਇਸ ਮਲਵਈ ਗਿੱਧੇ ਵਿੱਚ ਜਸਪ੍ਰੀਤ ਰੰਧਾਵਾ, ਕੁਲਵੰਤ ਸਿੰਘ, ਰਵਿੰਦਰ ਸਿੰਘ, ਸਰਬਜੀਤ ਸਿੰਘ ਤੇ ਹੋਰਨਾਂ ਨੇ ਖੂਬ ਰੰਗ ਬੰਨ੍ਹਿਆ।
ਰੁਪਿੰਦਰ ਪਾਲ ਰੂਪੀ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਇੱਕ ਲਘੂ ਨਾਟਕ “ਫ਼ਾਈਲ ਦੀ ਕਸਮ” ਪੇਸ਼ ਕੀਤਾ ਗਿਆ ਜੋ ਇੱਕ ਅਫ਼ਸਰ ਅਤੇ ਮੁਲਾਜ਼ਮਾਂ ਦਰਮਿਆਨ ਰਿਸ਼ਤੇ ਨੂੰ ਦਰਸਾਉਂਦਾ ਹੈ। ਇਸ ਲਘੂ ਨਾਟਕ ਵਿੱਚ ਰੁਪਿੰਦਰ ਪਾਲ ਰੂਪੀ, ਕਮਲ ਸ਼ਰਮਾ, ਸੁਖਜੀਤ ਕੋਰ ਸੁੱਖੀ, ਦਵਿੰਦਰ ਜੁਗਨੀ, ਸਰਬਜੀਤ ਸਿੰਘ, ਗੁਰਿੰਦਰ ਸਿੰਘ, ਸਰਿਤਾ ਸ਼ਰਮਾ, ਅਮਨਦੀਪ ਕੌਰ ਅਤੇ ਜਗਦੀਪ ਸਿੰਘ ਨੇ ਆਪਣੀ ਹਾਸਰਸ ਪੇਸ਼ਕਾਰੀ ਨਾਲ ਵਾਹ ਵਾਹ ਖੱਟੀ। ਇਸ ਦੇ ਨਾਲ ਹੀ ਸੰਦੀਪ ਕੰਬੋਜ, ਲਖਵਿੰਦਰ ਲੱਖੀ, ਕੰਚਨ ਭੱਲਾ, ਗਗਨਦੀਪ ਸਿੰਘ, ਨਵਦੀਪ ਸਿੰਘ, ਸਰਿਤਾ ਸ਼ਰਮਾ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਦਾ ਮਨ ਮੋਹ ਲਿਆ।ਪ੍ਰੋਗਰਾਮ ਦੇ ਅੰਤ ਵਿੱਚ ਪਦਮ ਭੂਸ਼ਨ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਨੇ ਰੰਗ ਬੰਨ੍ਹਿਆ। ਉਹਨਾਂ ਨੇ ਮਿਰਜ਼ਾ, ਜੁਗਨੀ ਅਤੇ ਹੋਰ ਬਹੁਤ ਸਾਰੇ ਲੋਕ ਗੀਤ ਗਾ ਕੇ ਪ੍ਰੋਗਰਾਮ ਨੂੰ ਸਿਖਰ ‘ਤੇ ਪਹੁੰਚਾਇਆ। ਇਸ ਉਪਰੰਤ ਸੁਸਾਇਟੀ ਦੇ ਪ੍ਰਧਾਨ ਰੁਪਿੰਦਰ ਪਾਲ ਰੂਪੀ ਅਤੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਅਤੇ ਦਵਿੰਦਰ ਸਿੰਘ ਜੁਗਨੀ ਤੇ ਬਲਬੀਰ ਸਿੰਘ ਨੇ ਹਾਜ਼ਰੀਨ ਅਤੇ ਮਹਿਮਾਨਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ।