– ਡਿਪਟੀ ਕਮਿਸ਼ਨਰ ਨੇ ਡੀ.ਸੀ. ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਬਣਾਈ ਡੀ.ਸੀ.-11 ਕ੍ਰਿਕਟ ਟੀਮ ਦੀ ਜਰਸੀ ਕੀਤੀ ਲਾਂਚ
ਫ਼ਤਹਿਗੜ੍ਹ ਸਾਹਿਬ, 18 ਅਕਤੂਬਰ: ( ਸਤੀਸ਼ ਕੋਹਲੀ, ਬੌਬੀ ਸਹਿਜਲ) -ਖੇਡਾਂ ਮਨੁੱਖੀ ਸਰੀਰ ਲਈ ਅਤਿ ਜਰੂਰੀ ਹਨ ਕਿਉਂਕਿ ਜਿਸ ਤਰ੍ਹਾਂ ਰੋਜ਼ਾਨਾਂ ਦੀ ਭੱਜ ਦੌੜ ਵਿੱਚ ਜਿਥੇ ਸਰਕਾਰੀ ਮੁਲਾਜ਼ਮ ਮਾਨਸਿਕ ਅਤੇ ਸਰੀਰਕ ਤੌਰ ਤੇ ਥਕਾਵਟ ਮਹਿਸੂਸ ਕਰਨ ਲੱਗਦੇ ਹਨ ਤਾਂ ਖੇਡਾਂ ਹੀ ਇੱਕ ਅਜਿਹਾ ਸਾਧਨ ਹਨ ਜਿਨ੍ਹਾਂ ਨਾਲ ਜੁੜ ਕੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਡੀ.ਸੀ. ਦਫ਼ਤਰ ਦੇ ਕਰਮਚਾਰੀਆਂ ਵੱਲੋਂ ਬਣਾਈ ਗਈ ਡੀ.ਸੀ.-11 ਕ੍ਰਿਕਟ ਟੀਮ ਦੀ ਅਧਿਕਾਰਤ ਜਰਸੀ ਲਾਂਚ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਦੇ ਦੌਰ ਵਿੱਚ ਵਿਗਿਆਨ ਨੇ ਤਰੱਕੀ ਕੀਤੀ ਉਵੇਂ-ਉਵੇਂ ਮਨੁੱਖ ਵੀ ਕਈ ਤਰ੍ਹਾਂ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਹੁੰਦਾ ਗਿਆ ਜੋ ਕਿ ਸਮਾਜਿਕ ਤਰੱਕੀ ਲਈ ਮਹੱਤਵਪੂਰਨ ਹਨ।
ਸ਼੍ਰੀਮਤੀ ਸ਼ੇਰਗਿੱਲ ਨੇ ਡੀ.ਸੀ. ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਬਣਾਈ ਗਈ ਕ੍ਰਿਕਟ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਫਰਜ਼ਾਂ ਦੀ ਪੂਰਤੀ ਦੇ ਨਾਲ ਖੇਡਾਂ ਵਿੱਚ ਸ਼ਮੂਲੀਅਤ ਵੀ ਮਹੱਤਵਪੂਰਨ ਹੈ ਅਤੇ ਖੇਡਾਂ ਵਿੱਚ ਹਿੱਸਾ ਲੈ ਕੇ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਤਣਾਅ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਹੋਰ ਕਿਹਾ ਕਿ ਖੇਡਾਂ ਜਿਥੇ ਸਰੀਰਕ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ ਉਥੇ ਹੀ ਅਨੁਸ਼ਾਸ਼ਨ ਵਿੱਚ ਰਹਿਣਾ ਵੀ ਸਿਖਾਉਂਦੀਆਂ ਹਨ ਅਤੇ ਮੁਲਾਜ਼ਮ ਖੇਡਾਂ ਵਿੱਚ ਹਿੱਸਾ ਲੈ ਕੇ ਆਪਣੇ ਫਰਜ਼ਾਂ ਦੀ ਬਿਹਤਰ ਢੰਗ ਨਾਲ ਪੂਰਤੀ ਕਰ ਸਕਦੇ ਹਨ। ਜਿਕਰਯੋਗ ਹੈ ਕਿ ਲਾਂਚ ਕੀਤੀ ਗਈ ਜਰਸੀ ਉਪਰ ਵਿਸ਼ੇਸ਼ ਤੌਰ ਤੇ ਰੁੱਖ, ਪਾਣੀ ਅਤੇ ਧਰਤੀ ਨੂੰ ਬਚਾਓਣ ਸਬੰਧੀ ਸਮਾਜਿਕ ਸੁਨੇਹਾ ਦੇਣ ਦਾ ਉਪਰਾਲਾ ਵੀ ਕੀਤਾ ਗਿਆ ਹੈ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫ਼ਤਹਿਗੜ੍ਹ ਸਾਹਿਬ ਅਨੁਪ੍ਰਿਤਾ ਜੌਹਲ ਵੀ ਹਾਜਰ ਸਨ।
