ਮੋਗਾ, 18 ਅਕਤੂਬਰ (ਕੁਲਵਿੰਦਰ ਸਿੰਘ ) – ਸੱਤ ਦੇਸ਼ਾਂ ਦੇ ਭਾਰਤੀ ਅੰਬੈਸਡਰਾਂ/ਹਾਈ ਕਮਿਸ਼ਨਰਾਂ ਦੇ ਵਫ਼ਦ ਨੇ ਅੱਜ ਜ਼ਿਲ੍ਹਾ ਮੋਗਾ ਦਾ ਦੌਰਾ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਭਰੋਸਾ ਦਿੱਤਾ ਹੈ ਕਿ ਮੋਗਾ ਦੇ ਸਰਬਪੱਖੀ ਵਿਕਾਸ ਲਈ ਕੌਮਾਂਤਰੀ ਪੱਧਰ ਉੱਤੇ ਹਰ ਸੰਭਵ ਮਦਦ ਕੀਤੀ ਜਾਵੇਗੀ। ਉਹਨਾਂ ਜ਼ਿਲ੍ਹਾ ਮੋਗਾ ਨੂੰ ਉਤਸ਼ਾਹੀ ਜ਼ਿਲ੍ਹਿਆਂ ਦੀ ਸੂਚੀ ਵਿੱਚੋਂ ਬਾਹਰ ਕੱਢਣ ਲਈ ਹੰਭਲਾ ਮਾਰਨ ਦਾ ਸੱਦਾ ਦਿੱਤਾ । ਇਸ ਵਫ਼ਦ ਵਿੱਚ ਹਾਲੈਂਡ, ਰੂਸ, ਤੁਰਕੀ, ਮੰਗੋਲੀਆ ਅਤੇ ਟੋਗੋ ਦੇ ਭਾਰਤੀ ਅੰਬੈਸਡਰ/ਹਾਈ ਕਮਿਸ਼ਨਰ ਸ਼ਾਮਿਲ ਸਨ।
ਅੱਜ ਇਥੇ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਮੀਟਿੰਗ ਕਰਦਿਆਂ ਸਮੂਹ ਭਾਰਤੀ ਅੰਬੈਸਡਰਾਂ/ਹਾਈ ਕਮਿਸ਼ਨਰਾਂ ਨੇ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਨੀਤੀ ਆਯੋਗ ਵੱਲੋਂ ਸ਼ੁਰੂ ਕੀਤੇ ਇਸ ਪ੍ਰੋਗਰਾਮ ਨੂੰ ਜ਼ਿਲ੍ਹਾ ਮੋਗਾ ਵਿੱਚ ਬਹੁਤ ਵਧੀਆ ਰੇਸਪਾਂਸ ਮਿਲ ਰਿਹਾ ਹੈ। ਉਹਨਾਂ ਉਮੀਦ ਪ੍ਰਗਟਾਈ ਕਿ ਇਹ ਰੇਸਪਾਂਸ ਭਵਿੱਖ ਵਿੱਚ ਵੀ ਜਾਰੀ ਰਹੇਗਾ। ਵਫਦ ਨੇ ਭਰੋਸਾ ਦਿੱਤਾ ਕਿ ਮੋਗਾ ਨੂੰ ਦੇਸ਼ ਦੇ ਉਤਸ਼ਾਹੀ ਜ਼ਿਲ੍ਹਿਆਂ ਦੀ ਸੂਚੀ ਵਿੱਚੋਂ ਬਾਹਰ ਕੱਢਣ ਲਈ ਕੌਮਾਂਤਰੀ ਸਹਿਯੋਗ ਵਿੱਚ ਕਮੀ ਨਹੀਂ ਰਹੇਗੀ। ਵਫਦ ਦੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਕਿਹਾ ਕਿ ਉਹ ਜ਼ਿਲ੍ਹਾ ਮੋਗਾ ਦੇ ਵਿਕਾਸ ਲਈ ਜੇਕਰ ਕੌਮਾਂਤਰੀ ਪੱਧਰ ਉੱਤੇ ਕੋਈ ਸਹਿਯੋਗ ਦੀ ਜਰੂਰਤ ਹੈ ਤਾਂ ਉਹ ਇਸ ਬਾਰੇ ਪ੍ਰਸਤਾਵ ਬਣਾ ਕੇ ਭੇਜਣ।
ਉਹਨਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਸਕਿੱਲ ਡਿਵੈਲਪਮੈਂਟ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਖੇਤੀ ਵਿਭਿੰਨਤਾ ਉੱਤੇ ਜ਼ਿਆਦਾ ਜੋਰ ਦਿੱਤਾ ਜਾਵੇ। ਇਸ ਵਫਦ ਵੱਲੋਂ ਪਿੰਡ ਅਟਾਰੀ ਵਿਖੇ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਕੀਤੇ ਜਾ ਰਹੇ ਕੰਮਾਂ ਨੂੰ ਵੀ ਦੇਖਿਆ। ਇਸ ਮੌਕੇ ਉਹ ਜ਼ਿਲ੍ਹਾ ਮੋਗਾ ਵਿੱਚ ਇਕ ਜ਼ਿਲ੍ਹਾ ਇਕ ਉਤਪਾਦ ਸਕੀਮ ਤਹਿਤ ਹੋ ਰਹੇ ਕੰਮ ਬਾਰੇ ਵੀ ਜਾਣਕਾਰੀ ਲੈਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੂਰੇ ਦੇਸ਼ ਦੇ 112 ਐਸਪੀਰੇਸ਼ਨਲ ਡਿਸਟ੍ਰਿਕਟਾਂ ਵਿੱਚੋਂ ਜ਼ਿਲ੍ਹਾ ਮੋਗਾ ਦੀ ਕਾਰਗੁਜ਼ਾਰੀ ਬਹੁਤ ਬਿਹਤਰ ਹੈ। ਮੌਜੂਦਾ ਸਮੇਂ ਮੋਗਾ ਦੀ ਦਰਜਾਬੰਦੀ 26 ਹੈ। ਜਿਹੜੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਉਸ ਵਿਚ ਜ਼ਿਲ੍ਹਾ ਮੋਗਾ ਪੂਰਾ ਉਤਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਪ੍ਰੋਗਰਾਮ 2018 ਵਿਚ ਸ਼ੁਰੂ ਕੀਤਾ ਗਿਆ ਸੀ ਜਿਸ ਅਧੀਨ ਹੁਣ ਤੱਕ ਜ਼ਿਲ੍ਹਾ ਮੋਗਾ ਨੂੰ 9 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਇਹ ਰਾਸ਼ੀ ਸਿਹਤ, ਸਿੱਖਿਆ, ਬੁਨਿਆਦੀ ਢਾਂਚਾ, ਖੇਤੀਬਾੜੀ ਅਤੇ ਵਿੱਤੀ ਕੰਮਾਂ ਉੱਤੇ ਖਰਚੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮੋਗਾ ਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਅਤੇ ਭਰੋਸਾ ਦਿੱਤਾ ਕਿ ਜ਼ਿਲ੍ਹਾ ਮੋਗਾ ਵਿੱਚ ਨੀਤੀ ਆਯੋਗ ਦੇ ਹੁਕਮਾਂ ਤਹਿਤ ਸਾਰੇ ਇੰਡੀਕੇਟਰਾਂ ਨੂੰ ਪੂਰਾ ਕਰਨ ਲਈ ਹਰ ਉਪਰਾਲਾ ਕੀਤਾ ਜਾਵੇਗਾ।
ਵਫਦ ਵਿੱਚ ਹਾਲੈਂਡ ਦੇ ਰਾਜਦੂਤ ਸ਼੍ਰੀਮਤੀ ਰੀਨਤ ਸੰਧੂ, ਰੂਸ ਦੇ ਰਾਜਦੂਤ ਸ਼੍ਰੀ ਪਵਨ ਕਪੂਰ, ਮੰਗੋਲੀਆ ਦੇ ਰਾਜਦੂਤ ਐੱਮ ਪੀ ਸਿੰਘ, ਟੋਗੋ ਦੇ ਰਾਜਦੂਤ ਸੰਜੀਵ ਟੰਡਨ ਅਤੇ ਤੁਰਕੀ ਦੇ ਰਾਜਦੂਤ ਵਰਿੰਦਰ ਪਾਲ ਸ਼ਾਮਿਲ ਸਨ। ਇਸ ਮੌਕੇ ਉਕਤ ਤੋਂ ਇਲਾਵਾ ਆਈ ਜੀ ਫਰੀਦਕੋਟ ਪ੍ਰਦੀਪ ਕੁਮਾਰ ਯਾਦਵ, ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ, ਐੱਸ ਡੀ ਐੱਮ ਮੋਗਾ ਸ੍ਰ ਰਾਮ ਸਿੰਘ, ਐੱਸ ਡੀ ਐੱਮ ਧਰਮਕੋਟ ਸ਼੍ਰੀਮਤੀ ਚਾਰੂਮਿਤਾ, ਸਹਾਇਕ ਕਮਿਸ਼ਨਰ ਸੁਜਾਵਲ ਜੱਗਾ ਅਤੇ ਹੋਰ ਹਾਜ਼ਰ ਸਨ।