ਇੱਥੋਂ ਹੀ ਸ਼ੁਰੂ ਹੋਇਆ ਸੀ ਗੁਰਮੁਖੀ ਦਾ ਪ੍ਰਸਾਰ ਤਰਨਤਾਰਨ/ਖਡੂਰ ਸਾਹਿਬ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਖਡੂਰ ਸਾਹਿਬ ਦੀ ਧਰਤੀ ਤੋਂ ਗੁਰਮੁਖੀ ਲਿਪੀ ਨੂੰ ਤਰਤੀਬ ਮਿਲੀ ਅਤੇ ਇੱਥੇ ਹੀ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਪਹਿਲੀ ਗੁਰਮੁਖੀ ਪਾਠਸ਼ਾਲਾ ਸਥਾਪਤ ਕੀਤੀ। ਉਸ ਨਗਰੀ ਦੇ ਵਾਸੀਆਂ ਨੇ ਮਾਂ-ਬੋਲੀ ਤੇ ਗੁਰਮੁਖੀ ਲਿਪੀ ਨੂੰ ਪਿਆਰ ਕਰਦਿਆਂ ਸਾਰੀਆਂ ਦੁਕਾਨਾਂ ਦੇ ਬੋਰਡ ਗੁਰਮੁਖੀ ਅੱਖਰਾਂ ’ਚ ਲਾ ਦਿੱਤੇ ਹਨ। ਇਹ ਕਾਰਜ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਪ੍ਰੇਰਣਾ ਨਾਲ ਸੰਪੂਰਨ ਹੋਇਆ ਹੈ। ਉਨ੍ਹਾਂ ਦੀ ਪ੍ਰੇਰਣਾ ਨਾਲ ਖਡੂਰ ਸਾਹਿਬ ਪੰਜਾਬ ਦਾ ਪਹਿਲਾ ਉਹ ਨਗਰ ਬਣ ਗਿਆ ਹੈ, ਜਿੱਥੇ ਸਾਰੇ ਬੋਰਡ ਗੁਰਮੁਖੀ ’ਚ ਲਿਖੇ ਜਾ ਚੁੱਕੇ ਹਨ। ਇਨ੍ਹਾਂ ’ਚ ਉਹ ਬੋਰਡ ਵੀ ਸ਼ਾਮਲ ਹਨ, ਜਿਨ੍ਹਾਂ ’ਤੇ ਕਿਸੇ ਹੋਰ ਭਾਸ਼ਾ ਤੇ ਲਿਪੀ ਦੀ ਵਰਤੋਂ ਜ਼ਰੂਰੀ ਸਮਝੀ ਜਾਂਦੀ ਸੀ। ਪਰ ਹੁਣ ਪਹਿਲੀ ਭਾਸ਼ਾ ਵਜੋਂ ਪੰਜਾਬੀ ਮਾਂ-ਬੋਲੀ ਤੇ ਲਿਪੀ ਵਜੋਂ ਗੁਰਮੁਖੀ ਲਿਖੀ ਨਜ਼ਰ ਆਉਂਦੀ ਹੈ।
ਧਾਰਮਿਕ ਵਿਲੱਖਣਤਾ ਵਾਲੇ ਨਗਰ ਖਡੂਰ ਸਾਹਿਬ ਦੀ ਪਛਾਣ ਧਰਮ, ਵਿਦਿਆ ਅਤੇ ਵਾਤਾਵਰਨ ਸੰਭਾਲ ਦੇ ਤੀਰਥ ਵਜੋਂ ਸਥਾਪਤ ਕਰਨ ਵਾਲੇ ਬਾਬਾ ਸੇਵਾ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਨਗਰ ਦੇ ਦੁਕਾਨਦਾਰਾਂ ਨਾਲ ਰਾਬਤਾ ਕਰਕੇ ਕਸਬੇ ਦੀਆਂ ਦੁਕਾਨਾਂ ’ਤੇ ਅੱਗੇ ਲੱਗੇ ਪ੍ਰਚਾਰ ਬੋਰਡਾਂ ਨੂੰ ਗੁਰਮੁਖੀ ਲਿਪੀ ’ਚ ਤਬਦੀਲ ਕਰਨ ਦੀ ਬੇਨਤੀ ਕੀਤੀ ਸੀ ਜਿਸ ਨੂੰ ਪ੍ਰਵਾਨ ਕਰਦਿਆਂ ਦੁਕਾਨਦਾਰਾਂ ਨੇ ਇਕਜੁਟਤਾ ਦਿਖਾਈ ਅਤੇ 300 ਦੇ ਕਰੀਬ ਦੁਕਾਨਾਂ ਦੇ ਪ੍ਰਚਾਰ ਬੋਰਡ ਕੁਝ ਦਿਨਾਂ ’ਚ ਹੀ ਹੋਰਨਾਂ ਲਿਪੀਆਂ ਤੋਂ ਬਦਲ ਕੇ ਗੁਰਮੁਖੀ ਲਿਪੀ ’ਚ ਲਿਖਵਾ ਦਿੱਤੇ। ਸ਼ਨਿਚਰਵਾਰ ਨੂੰ ਖਡੂਰ ਸਾਹਿਬ ਦੀਆਂ ਸਮੁੱਚੀਆਂ ਦੁਕਾਨਾਂ ਦੇ ਬੋਰਡ ਗੁਰਮੁਖੀ ਲਿਪੀ ’ਚ ਤਬਦੀਲ ਹੋ ਜਾਣ ਦੇ ਚੱਲਦਿਆਂ ਬਾਬਾ ਸੇਵਾ ਸਿੰਘ ਨੇ ਨਗਰ ਦੇ ਦੁਕਾਨਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਜੀ ਨੇ ਕਿਹਾ ਕਿ ਪੰਜਾਬ ਹੀ ਨਹੀਂ ਬਲਕਿ ਦੇਸ਼ ਅਤੇ ਸ਼ਾਇਦ ਵਿਸ਼ਵ ’ਚ ਵੀ ਇਹ ਵਿਲੱਖਣਤਾ ਗਿਣੀ ਜਾਵੇਗੀ ਕਿ ਕਿਸੇ ਕਸਬੇ ਦੇ ਸਾਰੇ ਬੋਰਡ ਉੱਥੋਂ ਦੀ ਮਾਤ ਭਾਸ਼ਾ ਤੇ ਗੁਰਮੁਖੀ ਲਿਪੀ ’ਚ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਮਾਂ ਬੋਲੀ ਨੂੰ ਪਿਆਰ ਕਰਦਿਆਂ ਨਗਰ ਦੇ ਦੁਕਾਨਦਾਰਾਂ, ਪੰਚਾਇਤ ਅਤੇ ਜਥੇਬੰਦੀਆਂ ਨੇ ਜਿਸ ਤਰ੍ਹਾਂ ਸਹਿਯੋਗ ਕੀਤਾ ਹੈ, ਉਹ ਦੀ ਕੋਈ ਮਿਸਾਲ ਨਹੀਂ। ਖ਼ੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੁਕਾਨਦਾਰਾਂ ਨੇ ਵੀ ਇਸ ਕਾਰਜ ਨੂੰ ਸੰਪੂਰਨ ਕਰਨ ਵਿਚ ਸਹਿਯੋਗ ਦਿੱਤਾ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਨਵੇਂ ਬੋਰਡ ਹੋਰ ਲਿਪੀਆਂ ’ਚ ਲਗਵਾਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਬਾਹਰ ਤੋਂ ਆ ਕੇ ਇੱਥੇ ਪ੍ਰਚਾਰ ਬੋਰਡ ਲਾਉਦਾ ਹੈ ਤਾਂ, ਉਸ ਨੂੰ ਵੀ ਪਹਿਲੀ ਭਾਸ਼ਾ ਵਜੋਂ ਪੰਜਾਬੀ ਲਿਖਣ ਲਈ ਕਿਹਾ ਜਾਵੇ ਤਾਂ ਜੋ ਮਾਂ-ਬੋਲੀ ਦਾ ਸਤਿਕਾਰ ਕਰਨ ਲਈ ਜੋ ਪਹਿਲ ਸਾਡੇ ਹਿੱਸੇ ਆਈ ਹੈ ਉਹ ਹਮੇਸ਼ਾ ਬਣੀ ਰਹੇ। ਬਾਬਾ ਸੇਵਾ ਸਿੰਘ ਨੇ ਕਿਹਾ ਕਿ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਤੇ ਇਸ ਨੂੰ ਲਿਖਣ ਲਈ ਗੁਰਮੁਖੀ ਲਿਪੀ ਸਭ ਤੋਂ ਢੁੱਕਵੀਂ ਹੈ ਜਿਸ ਤੋਂ ਬੱਚਿਆਂ ਨੂੰ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ ਦੇ ਵਿਦਿਆਰਥੀ ਨਵਜੋਤ ਸਿੰਘ ਨੇ ਵੀ ਮਾਂ ਬੋਲੀ ਦੇ ਪ੍ਰਸਾਰ ਤੇ ਪ੍ਰਚਾਰ ’ਤੇ ਗੱਲ ਕੀਤੀ।ਮਾਂ-ਬੋਲੀ ਤੇ ਗੁਰਮੁਖੀ ਨਾਲ ਜੁੜਨਾ ਬਹੁਤ ਜ਼ਰੂਰੀ : ਡਾ. ਖਹਿਰਾ
ਇਸ ਮੌਕੇ ਭਾਸ਼ਾ ਮਾਹਿਰ ਡਾ. ਦਲਜੀਤ ਸਿੰਘ ਖਹਿਰਾ ਨੇ ਕਿਹਾ ਕਿ ਭਾਸ਼ਾ ਸੰਚਾਰ ਦਾ ਮਾਧਿਅਮ ਹੈ ਅਤੇ ਇਸ ’ਚ ਭਾਵ ਲੁਕੇ ਹੁੰਦੇ ਹਨ ਜੋ ਦੂਸਰੇ ਨੂੰ ਸਾਡੀ ਗੱਲ ਸਮਝਣ ’ਚ ਸਹਾਈ ਹੁੰਦੇ ਹਨ। ਲੋੜ ਮੁਤਾਬਿਕ ਦੁਨੀਆ ’ਚ ਵੱਖ-ਵੱਖ ਲਿਪੀਆਂ ਹੋਂਦ ’ਚ ਆਈਆਂ। ਉਨ੍ਹਾਂ ਕਿਹਾ ਕਿ ਗੁਰਮੁਖੀ ਲਿਪੀ ਪੰਜਾਬੀ ਲਈ ਸਭ ਤੋਂ ਢੁੱਕਵੀਂ ਲਿਪੀ ਹੈ ਤੇ ਇਸ ਨਾਲ ਜੁੜਨਾ ਬਹੁਤ ਜ਼ਰੂਰੀ ਹੈ।
