ਕੈਂਪ ਦੌਰਾਨ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦੇਣ ਦੇ ਨਾਲ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ
ਗੁਰਦਾਸਪੁਰ, 27 ਫਰਵਰੀ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸਰਹੱਦੀ ਖੇਤਰ ਦੇ ਵਿਕਾਸ ਲਈ ਚਲਾਏ ਜਾ ਰਹੇ ਮਿਸ਼ਨ ‘ਅਬਾਦ’ (ਐਬਸੀਲਿਊਟ ਬਾਰਡਰ ਏਰੀਆ ਡਿਵੈਲਪਮੈਂਟ) ਤਹਿਤ ਤਹਿਸੀਲ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਗੁਰਚੱਕ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਖੇ ਮਿਤੀ 28 ਫਰਵਰੀ ਨੂੰ ਦੁਪਹਿਰ 2:00 ਵਜੇ ਤੋਂ ਸ਼ਾਮ 6 ਵਜੇ ਤੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਪਿੰਡ ਗੁਰਚੱਕ ਤੋਂ ਇਲਾਵਾ ਸਰਹੱਦੀ ਪਿੰਡ ਸ਼ਹਿਜਾਦਾ ਨੰਗਲ, ਸ਼ਹਿਜਾਦਾ ਕਲਾਂ, ਧਰਮਾਬਾਦ, ਮਹਿਤਾ ਤੇ ਗੁਣੀਆਂ ਦੇ ਵਸਨੀਕ ਵੀ ਭਾਗ ਲੈਣਗੇ।ਪਿੰਡ ਗੁਰਚੱਕ ਵਿਖੇ ਇਹ 6ਵਾਂ ਕੈਂਪ ਲਗਾਇਆ ਜਾ ਰਿਹਾ ਹੈ ਜਦਕਿ ਇਸਤੋਂ ਪਹਿਲਾਂ ਝਬਕਰਾ, ਡੇਰਾ ਬਾਬਾ ਨਾਨਕ, ਸ਼ਹੂਰਕਲਾਂ, ਠੇਠਰਕੇ ਅਤੇ ਇਸਲਾਮਪੁਰ ਵਿਖੇ ਵੀ ਅਬਾਦ ਕੈਂਪ ਲਗਾਏ ਜਾ ਚੁੱਕੇ ਹਨ। ਪਿੰਡ ਗੁਰਚੱਕ ਵਿਖੇ ਮਿਸ਼ਨ ‘ਅਬਾਦ’ ਤਹਿਤ ਲੱਗਣ ਵਾਲੇ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕੈਂਪ ਦੌਰਾਨ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦਾ ਲਾਭ ਦੇਣ ਦੇ ਨਾਲ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਇਸ ਤੋਂ ਇਲਾਵਾ ਕੈਂਪ ਦੌਰਾਨ ਮਿਲਟਰੀ/ ਪੈਰਾ ਮਿਲਟਰੀ/ ਪੁਲਿਸ ਅਧਿਕਾਰੀਆਂ ਵੱਲੋਂ ਫ਼ੌਜ/ ਪੁਲਿਸ ਵਿੱਚ ਭਰਤੀ ਸਬੰਧੀ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਪਿੰਡ ਗੁਰਚੱਕ, ਸ਼ਹਿਜਾਦਾ ਨੰਗਲ, ਸ਼ਹਿਜਾਦਾ ਕਲਾਂ, ਧਰਮਾਬਾਦ, ਮਹਿਤਾ ਤੇ ਗੁਣੀਆਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਵਿੱਚ ਪਹੁੰਚ ਕੇ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਉਠਾਉਣ।
