ਅਮਲੋਹ/ਫ਼ਤਹਿਗੜ੍ਹ ਸਾਹਿਬ, 01 ਮਾਰਚ ( ਬੌਬੀ ਸਹਿਜਲ, ਧਰਮਿੰਦਰ)-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਅੱਜ ਅਮਲੋਹ ਬਲਾਕ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ 5.50 ਕਰੋੜ ਦੀ ਲਾਗਤ ਨਾਲ ਭੱਦਲਥੂਹਾ ਵਿਖੇ ਬਣ ਰਹੇ ਐਸ.ਟੀ.ਪੀ., 5 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਿਹਾ ਤਹਿਸੀਲ ਕੰਪਲੈਕਸ ਅਮਲੋਹ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਨੇ ਵਿਕਾਸ ਕਾਰਜਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਅੰਦਰ ਪੂਰਾ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਵਿਕਾਸ ਕਾਰਜਾਂ ਦੇ ਚੱਲ ਰਹੇ ਕੰਮਾਂ ਦੇ ਮਿਆਰੀ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ ਤਾਂ ਜੋ ਲੋਕਾਂ ਨੂੰ ਮਿਆਰੀ ਸੇਵਾਵਾਂ ਹਾਸਲ ਹੋ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਹਰੇਕ ਯੋਗ ਵਿਅਕਤੀ ਨੂੰ ਪਹੁੰਚਣਾ ਵੀ ਯਕੀਨੀ ਬਣਾਇਆ ਜਾਵੇ।ਤਹਿਸੀਲ ਕੰਪਲੈਕਸ ਅਮਲੋਹ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਤਹਿਸੀਲ ਕੰਪਲੈਕਸ ਇੱਕ ਥਾਂ ਬਣਨ ਨਾਲ ਲੋਕਾਂ ਦੇ ਕੰਮ ਇੱਕੋ ਛੱਤ ਹੇਠ ਹੋਣਗੇ ਅਤੇ ਉਨ੍ਹਾਂ ਨੂੰ ਆਪਣੇ ਕੰਮਾਂ ਲਈ ਵੱਖ-ਵੱਖ ਥਾਵਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ। ਉਨ੍ਹਾਂ ਪਿੰਡ ਲੱਖਾ ਸਿੰਘ ਵਾਲਾ ਦੇ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਦਾ ਦੌਰਾ ਕਰਨ ਮੌਕੇ ਪਿੰਡ ਦੇ ਸਰਪੰਚ ਨੂੰ ਕਿਹਾ ਕਿ ਪਿੰਡ ਦਾ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰਨ ਲਈ ਪਿੰਡ ਦੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜ਼ੋ ਪਿੰਡ ਦਾ ਆਲਾ ਦੁਆਲਾ ਹਰਿਆ ਭਰਿਆ ਬਣਾਇਆ ਜਾ ਸਕੇ।ਪਿੰਡ ਭੱਦਲਥੂਹਾ ਵਿਖੇ ਸੀਵਰੇਜ ਟਰੀਟਮੈਂਟ ਪਲਾਂਟ ਵਿਖੇ ਉਨ੍ਹਾਂ ਕਿਹਾ ਕਿ ਇਸ 3 ਐਮ.ਐਲ.ਡੀ. ਦੇ ਇਸ ਪਲਾਂਟ ਨਾਲ ਗੰਦੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਅਤੇ ਇਸ ਪਲਾਂਟ ਵਿੱਚ ਗੰਦੇ ਪਾਣੀ ਨੂੰ ਰੀਚਾਰਜ ਕਰਕੇ ਹੋਰਨਾਂ ਕੰਮਾਂ ਲਈ ਵੀ ਵਰਤਿਆ ਜਾ ਸਕੇਗਾ। ਉਨ੍ਹਾਂ ਇਸ ਐਸ.ਟੀ.ਪੀ. ਦਾ 60 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਆਉਂਦੀ 30 ਜੂਨ ਤੱਕ ਇਹ ਐਸ.ਟੀ.ਪੀ. ਕੰਮ ਕਰਨਾ ਸ਼ੁਰੂ ਕਰ ਦੇਵੇਗਾ।ਇਸ ਮੌਕੇ ਐਸ.ਡੀ.ਐਮ. ਗੁਰਵਿੰਦਰ ਸਿੰਘ ਜੋਹਲ, ਤਹਿਸੀਲਦਾਰ ਅੰਕਿਤਾ ਅਗਰਵਾਲ, ਨਾਇਬ ਤਹਿਸੀਲਦਾਰ ਰਾਜੇਸ਼ ਆਹੁਜਾ, ਐਸ.ਡੀਓ. ਪਰਮਜੀਤ ਸਿੰਘ, ਈ.ਓ. ਬਲਜਿੰਦਰ ਸਿੰਘ, ਜ਼ਿਲ੍ਹਾ ਸੈਨੀਟੇਸ਼ਨ ਅਫਸਰ ਸ੍ਰੀ ਜਸਇੰਦਰ ਸਿੰਘ ਸਿੱਧੂ, ਸ਼੍ਰੀਮਤੀ ਸੀਵੀਆ ਸ਼ਰਮਾਂ, ਸਰਪੰਚ ਪਿੰਡ ਲੱਖਾ ਸਿੰਘ ਵਾਲਾ ਬਲਜੀਤ ਸਿੰਘ, ਰਾਕੇਸ਼ ਚੌਧਰੀ, ਸਰਪੰਚ ਜੋਰਾ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।