ਜਗਰਾਉਂ, 1 ਮਾਰਚ ( ਭਗਵਾਨ ਭੰਗੂ, ਅਸ਼ਵਨੀ )-ਜਗਰਾਉਂ ਇਲਾਕੇ ਵਿੱਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਦੀ ਮਿਸਾਲ ਮੁਹੱਲਾ ਰਾਮਨਗਰ ’ਚ ਦੇਖਣ ਨੂੰ ਮਿਲ ਰਹੀ ਹੈ। ਇੱਥੇ ਪਿਛਲੇ 20 ਦਿਨਾਂ ’ਚ ਤਿੰਨ ਘਰਾਂ ’ਚ ਦਾਖਲ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਐਡਵੋਕੇਟ ਨੀਰਜ ਸ਼ਰਮਾ ਨੇ ਦੱਸਿਆ ਕਿ 20 ਦਿਨ ਪਹਿਲਾਂ ਚੋਰ ਉਸ ਦੇ ਘਰ ਦੇ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਅੰਦਰੋਂ ਨਕਦੀ ਅਤੇ ਕੀਮਤੀ ਸਮਾਨ ਦੇ ਨਾਲ-ਨਾਲ ਘਰ ਦੇ ਅੰਦਰ ਲੱਗੀਆਂ ਟੂਟੀਆਂ ਤੱਕ ਉਤਾਰ ਕੇ ਲੈ ਗਏ। ਚੋਰਾਂ ਨੇ ਉਸ ਦੇ ਘਰ ਵਿਚ ਪਈਆਂ ਚਾਦਰਾਂ ਨੂੰ ਆਪਸ ਵਿਚ ਬੰਨ੍ਹ ਕੇ ਇੱਕ ਰੱਸੀ ਬਣਾ ਕੇ ਘਰੋਂ ਬਾਹਰ ਭੱਜ ਗਏ ਅਤੇ ਉਨ੍ਹਾਂ ਕੋਲ ਇੱਕ ਦਾਤਰ ਵੀ ਸੀ ਜੋ ਉਹ ਘਰ ਵਿੱਚ ਛੱਡ ਗਏ ਸਨ। ਇਸ ਦੀ ਸੂਚਨਾ ਮੌਕੇ ’ਤੇ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਮੁਲਾਜ਼ਮ ਅਗਲੇ ਦਿਨ ਘਰ ਪਹੁੰਚ ਕੇ ਜਾਂਚ ਕਰ ਗਏ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਲੰਬਾ ਸਮਾਂ ਨਿਕਲ ਜਾਣ ਤੇ ਵੀ ਕਾਰਵਾਈ ਨਾ ਹੁੰਦੀ ਦੇਖ ਉਹ ਸੋਮਵਾਰ ਨੂੰ ਐੱਸਐੱਸਪੀ ਨਵਜੋਤ ਸਿੰਘ ਬੈਂਸ ਨੂੰ ਵੀ ਮਿਲੇ ਅਤੇ ਉਨ੍ਹਾਂ ਨੂੰ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਪਰ ਉਸ ਤੋਂ ਬਾਅਦ ਵੀ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ’ਚ ਸਾਡੇ ਘਰ ਚੋਰੀ ਹੋਣ ਤੋਂ ਕੁਝ ਦਿਨ ਬਾਅਦ ਉਸ ਦੇ ਨਾਲ ਹੀ ਇਕ ਹੋਰ ਘਰ ’ਚ ਵੀ ਚੋਰੀ ਹੋਈ ਸੀ ਅਤੇ ਹੁਣ ਮੰਗਲਵਾਰ ਦੀ ਰਾਤ ਕੈਨੇਡਾ ’ਚ ਰਹਿੰਦੇ ਹਰਪਾਲ ਸਿੰਘ ਦੇ ਘਰ ਨੂੰ ਵੀ ਚੋਰਾਂ ਨੇ ਇਸੇ ਤਰ੍ਹਾਂ ਚੋਰੀ ਨੂੰ ਅੰਜਾਮ ਦਿਤਾ। ਘਰ ਅੰਦਰ ਦਾਖਲ ਹੋ ਕੇ ਬਾਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਘਰ ਅੰਦਰ ਪਿਆ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਐਡਵੋਕੇਟ ਨੀਰਜ ਸ਼ਰਮਾ ਨੇ ਕਿਹਾ ਕਿ ਅਜਿਹੀਆਂ ਲਗਾਤਾਰ ਚੋਰੀਆਂ ਹੋਣ ਦੇ ਬਾਵਜੂਦ ਪੁਲੀਸ ਵੱਲੋਂ ਕੋਈ ਕੇਸ ਦਰਜ ਨਹੀਂ ਕਰਨਾ ਹੈਰਾਨੀ ਦੀ ਗੱਲ ਹੈ।