ਲੁਧਿਆਣਾ, 1 ਮਾਰਚ ( ਰਾਜਨ ਜੈਨ) -ਯਾਤਰੀਆਂ, ਖਾਸ ਕਰਕੇ ਵਪਾਰਕ ਭਾਈਚਾਰਾ ਇਹ ਜਾਣ ਕੇ ਬਹੁਤ ਖੁਸ਼ ਹੈ ਕਿ ਉਸਾਰੀ ਅਧੀਨ ਸ਼ੇਰਪੁਰ ਚੌਕ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਮੰਗਲਵਾਰ ਤੋਂ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।
ਇਸ ਆਰਓਬੀ ਦਾ ਨਿਰਮਾਣ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ( ਐਨਐਚਏਆਈ) ਵੱਲੋਂ ਸਮੇਂ ਸਿਰ ਕੀਤਾ ਗਿਆ ਹੈ।ਲੁਧਿਆਣਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਸਾਂਸਦ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਕੀਤੇ ਗਏ ਸੁਹਿਰਦ ਅਤੇ ਠੋਸ ਯਤਨਾਂ ਨਾਲ ਕੰਮ ਨੂੰ ਤੇਜ਼ੀ ਨਾਲ ਪੂਰਾ ਕੀਤਾ ਗਿਆ ਹੈ, ਜੋ ਕਿ ਲਗਾਤਾਰ ਐਨਐਚਏਆਈ ਅਧਿਕਾਰੀਆਂ ਕੋਲ ਹੋਰ ਪ੍ਰੋਜੈਕਟਾਂ ਸਮੇਤ ਮਾਮਲਾ ਉਠਾ ਰਹੇ ਹਨ।
ਅਰੋੜਾ ਲੁਧਿਆਣਾ ਅਤੇ ਪੰਜਾਬ ਨਾਲ ਸਬੰਧਤ ਐਨਐਚਏਆਈ ਦੇ ਮੁੱਦਿਆਂ ਨੂੰ ਕੋਲ ਬਾਕਾਇਦਾ ਉਠਾਉਂਦੇ ਰਹੇ ਹਨ। ਇੱਕ ਅਧਿਕਾਰਤ ਪੱਤਰ ਵਿੱਚ, ਐਨਐਚਏਆਈ ਦੇ ਚੇਅਰਮੈਨ ਨੇ ਅਰੋੜਾ ਨੂੰ 28 ਫਰਵਰੀ, 2023 ਤੱਕ ਐਨਐਚ-44 (ਸ਼ੇਰਪੁਰ ਚੌਕ) ਦੇ ਕਿਲੋਮੀਟਰ 311 ‘ਤੇ ਆਰਓਬੀ ਨੂੰ ਪੂਰਾ ਕਰਨ ਬਾਰੇ ਸੂਚਿਤ ਕੀਤਾ ਸੀ। ਉਨ੍ਹਾਂ ਇਹ ਵੀ ਸੂਚਿਤ ਕੀਤਾ ਸੀ ਕਿ ਲਾਡੋਵਾਲ ਬਾਈਪਾਸ ’ਤੇ ਸਿੱਧਵਾਂ ਨਹਿਰ ’ਤੇ ਚਾਰ ਪੁਲਾਂ ਦੀ ਉਸਾਰੀ ਦਾ ਪ੍ਰਸਤਾਵ ਵੀ ਵਿਚਾਰ ਅਧੀਨ ਹੈ। ਵਰਨਣਯੋਗ ਹੈ ਕਿ ਅਰੋੜਾ ਨੇ ਲਾਡੋਵਾਲ ਬਾਈਪਾਸ ‘ਤੇ ਸਿੱਧਵਾਂ ਨਹਿਰ ‘ਤੇ ਚਾਰ ਪੁਲਾਂ ਦੀ ਉਸਾਰੀ ਦਾ ਮਾਮਲਾ ਵੀ ਐਨਐਚਏਆਈ ਚੇਅਰਮੈਨ ਕੋਲ ਉਠਾਇਆ ਸੀ।ਇਸ ਮੁੱਦੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਅਰੋੜਾ ਨੇ ਕਿਹਾ, “ਮੈਂ ਮੰਤਰੀ ਨਿਤਿਨ ਗਡਕਰੀ, ਸਕੱਤਰ (ਆਰ.ਟੀ.ਐਂਡ.ਐੱਚ.) ਸ਼੍ਰੀਮਤੀ ਅਲਕਾ ਉਪਾਧਿਆਏ ਅਤੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਮੇਰੀ ਮੰਗ ਨੂੰ ਸਵੀਕਾਰ ਕੀਤਾ ਗਿਆ ਅਤੇ ਮੇਰੇ ਨਾਲ ਕੀਤੇ ਵਾਅਦਿਆਂ ਮੁਤਾਬਿਕ ਸ਼ੇਰਪੁਰ ਚੌਂਕ ਆਰਓਬੀ ਨੂੰ ਮੁਕੰਮਲ ਅਤੇ ਖੋਲਣ ਦੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਆਰ.ਓ.ਬੀ ਦੇ ਖੁੱਲਣ ਤੋਂ ਬਾਅਦ ਯਾਤਰੀਆਂ ਨੂੰ ਰਾਹਤ ਦਾ ਸਾਹ ਮਿਲਿਆ ਹੋਵੇਗਾ ਕਿਉਂਕਿ ਇਸ ਲੰਬਿਤ ਪਏ ਪ੍ਰੋਜੈਕਟ ਕਾਰਨ ਆਮ ਜਨਤਾ ਅਤੇ ਯਾਤਰੀਆਂ ਨੂੰ ਭਾਰੀ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ 500 ਮੀਟਰ ਦੀ ਦੂਰੀ ਨੂੰ ਪਾਰ ਕਰਨ ਵਿੱਚ ਲਗਭਗ 30 ਮਿੰਟ ਲੱਗ ਰਹੇ ਸਨ।ਅਰੋੜਾ ਨੇ ਆਸ ਪ੍ਰਗਟਾਈ ਕਿ ਲਾਡੋਵਾਲ ਬਾਈਪਾਸ ’ਤੇ ਸਿੱਧਵਾਂ ਨਹਿਰ ’ਤੇ ਚਾਰ ਪੁਲਾਂ ਦੀ ਉਸਾਰੀ ਦਾ ਕੰਮ ਵੀ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਬਹੁਤ ਹੀ “ਵਿਕਾਸਮੁਖੀ” ਹਨ, ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਡੇਰੇ ਲੋਕ ਹਿੱਤ ਦੇ ਮਾਮਲੇ ਉਠਾ ਰਹੇ ਹਨ।ਉਨ੍ਹਾਂ ਇਹ ਵੀ ਉਮੀਦ ਪ੍ਰਗਟਾਈ ਕਿ ਐਨ.ਐਚ.ਏ.ਆਈ. ਜੂਨ ਦੇ ਅੰਤ ਤੱਕ ਐਲੀਵੇਟਿਡ ਰੋਡ ਸ਼ੁਰੂ ਕਰਨ ਦਾ ਆਪਣਾ ਵਾਅਦਾ ਪੂਰਾ ਕਰੇਗੀ, ਜਿਸ ਨਾਲ ਲੁਧਿਆਣਾ ਵਾਸੀਆਂ ਨੂੰ ਰਾਹਤ ਮਿਲੇਗੀ।
ਇਸ ਦੌਰਾਨ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੇ ਡਾਇਰੈਕਟਰ ਆਰਕੀਟੈਕਟ ਸੰਜੇ ਗੋਇਲ ਨੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਹੈ ਕਿ ਸੰਸਦ ਮੈਂਬਰ ਸੰਜੀਵ ਅਰੋੜਾ ਵੱਲੋਂ ਕੀਤੇ ਗਏ ਸੁਹਿਰਦ ਯਤਨਾਂ ਨਾਲ ਸ਼ੇਰਪੁਰ ਚੌਕ ਆਰ.ਓ.ਬੀ.ਪ੍ਰੋਜੈਕਟ ਪੂਰਾ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇਖਿਆ ਹੈ ਕਿ ਅਰੋੜਾ ਲੁਧਿਆਣਾ ਅਤੇ ਪੰਜਾਬ ਦੀ ਬਿਹਤਰੀ ਲਈ ਹੋਰ ਵੀ ਕਈ ਖੇਤਰਾਂ ਵਿੱਚ ਬਹੁਤ ਹੀ ਦਲੇਰਾਨਾ ਕਦਮ ਚੁੱਕ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਅਰੋੜਾ ਅਤੇ ਸੂਬੇ ਦੀ ‘ਆਪ’ ਦੀ ਅਗਵਾਈ ਵਾਲੀ ਸਰਕਾਰ ਦਾ ਸਹਿਯੋਗ ਕਰੇਗਾ ਤਾਂ ਜੋ ਆਖਿਰਕਾਰ ਲੋਕਾਂ ਨੂੰ ਕੋਈ ਤਕਲੀਫ਼ ਨਾ ਹੋਵੇ।ਸੁਰਿੰਦਰ ਅਗਰਵਾਲ, ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਵਪਾਰ ਮੰਡਲ, ਜ਼ਿਲ੍ਹਾ ਇਕਾਈ ਲੁਧਿਆਣਾ ਨੇ ਵੀ ਅਰੋੜਾ ਵੱਲੋਂ ਸ਼ੇਰਪੁਰ ਚੌਂਕ ਆਰ.ਓ.ਬੀ. ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਰੋੜਾ ਨੇ ਇਹ ਮਾਮਲਾ ਲਗਾਤਾਰ ਐਨਐਚਏਆਈ ਦੇ ਚੇਅਰਮੈਨ ਅਤੇ ਹੋਰਨਾਂ ਕੋਲ ਨਾ ਉਠਾਇਆ ਹੁੰਦਾ ਤਾਂ ਕੰਮ ਹੋਰ ਲਟਕ ਸਕਦਾ ਸੀ। ਨਾਲ ਹੀ, ਉਨ੍ਹਾਂ ਮੰਗ ਕੀਤੀ ਕਿ ਅਰੋੜਾ ਵੱਲੋਂ ਐਨਐਚਏਆਈ ਦੇ ਚੇਅਰਮੈਨ ਕੋਲ ਮਾਮਲਾ ਉਠਾਉਣ ਤੋਂ ਪਹਿਲਾਂ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਬੇਲੋੜੀ ਦੇਰੀ ਲਈ ਜ਼ਿੰਮੇਵਾਰ ਲੋਕਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।