ਮੰਡੀ ਗੋਬਿੰਦਗੜ੍ 2 ਮਾਰਚ ( ਰਾਜਨ ਜੈਨ)-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਅੱਜ ਪਿੰਡ ਵਜੀਰਾਬਾਦ ਵਿਖੇ ਬਣਾਏ ਜਾਣ ਵਾਲੇ ਉਦਯੋਗਿਕ ਪਾਰਕ ਦੇ ਨਿਰਮਾਣ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਹੋਣ ਵਾਲੇ ਕੰਮਾਂ ਬਾਰੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ। ਉਨ੍ਹਾਂ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਵਿਕਾਸ ਨੂੰ ਤਰਜ਼ੀਹ ਦੇਣ ਲਈ ਇਨਵੈਸਟਮੈਂਟ ਸਮਿਟ ਕਰਵਾਈ ਗਈ ਹੈ ਜਿਸ ਵਿੱਚ ਦੇਸ਼ ਦੇ ਵੱਡੇ ਉਦਯੋਗਿਕ ਘਰਾਨਿਆਂ ਵੱਲੋਂ ਪੰਜਾਬ ਵਿੱਚ ਉਦਯੋਗ ਸਥਾਪਤ ਕਰਨ ਦੀ ਇੱਛਾ ਜਤਾਈ ਹੈ। ਇਹ ਉਦਯੋਗਿਕ ਪਾਰਕ ਸਰਕਾਰ ਦੀ ਇਸ ਤਰਜ਼ੀਹ ਨੂੰ ਬੁਲੰਦੀਆਂ ਤੇ ਲੈ ਕੇ ਜਾਵੇਗੀ ਅਤੇ ਪੰਜਾਬ ਉਦਯੋਗਿਕ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣੇਗਾ।ਸ਼੍ਰੀਮਤੀ ਸ਼ੇਰਗਿੱਲ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਜੀਰਾਬਾਦ ਵਿਖੇ 133 ਏਕੜ ਰਕਬੇ ਵਿੱਚ ਉਦਯੋਗਿਕ ਪਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਨਾਲ ਵੱਡੀ ਪੱਧਰ ‘ਤੇ ਛੋਟੇ ਤੇ ਵੱਡੇ ਉਦਯੋਗ ਸਥਾਪਤ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਪਾਰਕ ਦੇ ਨਿਰਮਾਣ ਨਾਲ ਸੂਬੇ ਵਿੱਚ ਉਦਯੋਗਿਕ ਕ੍ਰਾਂਤੀ ਨੂੰ ਬੜਾਵਾ ਮਿਲੇਗਾ ਅਤੇ ਵੱਡੀ ਗਿਣਤੀ ਨੌਜਵਾਨਾਂ ਨੂੰ ਰੋਜ਼ਾਗਰ ਹਾਸਲ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ 4 ਕਰੋੜ ਦੀ ਲਾਗਤ ਨਾਲ ਇੱਕ ਨਾਲਾ ਬਣਾਇਆ ਜਾਵੇਗਾ ਅਤੇ 96 ਲੱਖ ਰੁਪਏ ਦੀ ਲਾਗਤ ਨਾਲ ਬ੍ਰਿਜ ਦਾ ਨਿਰਮਾਣ ਵੀ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਉਦਯੋਗਾਂ ਨੂੰ ਬੜਾਵਾ ਦੇਣ ਲਈ ਬਣਾਏ ਜਾ ਰਹੇ ਇਸ ਉਦਯੋਗਿਕ ਪਾਰਕ ਨਾਲ ਇਲਾਕੇ ਦੇ ਉਦਯੋਗਾਂ ਨੂੰ ਵੀ ਕਾਫੀ ਲਾਹਾ ਮਿਲੇਗਾ ਅਤੇ ਇਸ ਨਾਲ ਜ਼ਿਲ੍ਹੇ ਵਿੱਚ ਵੱਡੇ ਉਦਯੋਗਾਂ ਲਈ ਰਾਹ ਪੱਧਰਾ ਹੋਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਪਾਰਕ ਦਾ ਤੈਅ ਸਮੇਂ ਅੰਦਰ ਨਿਰਮਾਣ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਕੀਤੇ ਜਾਣ ਵਾਲੇ ਕੰਮਾਂ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ ਤਾਂ ਜੋ ਇਹ ਉਦਯੋਗਿਕ ਪਾਰਕ ਇੱਕ ਮਾਡਲ ਵਜੋਂ ਵਿਕਸਤ ਹੋ ਸਕੇ।ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਪਿੰਡ ਵਿੱਚ ਬਿਜਲੀ ਦਾ ਸਬ ਸਟੇਸ਼ਨ ਬਣਨ ਵਾਸਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਐਨ.ਓ.ਸੀ. ਜਾਰੀ ਕੀਤਾ ਜਾ ਰਿਹਾ ਹੈ ਅਤੇ ਬ੍ਰਿਜ ਲਈ ਵਰਤੀ ਜਾਣ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ ਤਾਂ ਜੋ ਇਹ ਕੰਮ ਤੈਅ ਸਮੇਂ ਅੰਦਰ ਪੂਰਾ ਹੋ ਸਕੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਵਿਖੇ ਹਰੇਕ ਸਾਲ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪੁੱਜਦੇ ਹਨ ਅਤੇ ਇਸ ਪਾਰਕ ਦੇ ਨਿਰਮਾਣ ਨਾਲ ਇਸ ਜ਼ਿਲ੍ਹੇ ਦੀ ਦਿੱਖ ਹੋਰ ਵੀ ਉਭਰ ਕੇ ਸਾਹਮਣੇ ਆਵੇਗੀ।ਇਸ ਮੌਕੇ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਹਰਪ੍ਰੀਤ ਸਿੰਘ ਟਿਵਾਣਾ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਸੁਰਿੰਦਰ ਸਿੰਘ, ਐਸ.ਡੀ.ਓ.ਗਜਿੰਦਰ ਸਿੰਘ ਸਮੇਤ ਡਰੇਨਜ਼ ਵਿਭਾਗ, ਪੰਜਾਬ ਸਟੇਟ ਪਾਵਰ ਕਾਮ ਲਿਮ: ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।