ਮੋਗਾ, 2 ਮਾਰਚ ( ਅਸ਼ਵਨੀ, ਮੋਹਿਤ ਜੈਨ)-ਜੇਕਰ ਅਸੀਂ ਆਪਣੇ ਕੁਦਰਤੀ ਸੋਮਿਆਂ ਜਿਵੇਂ ਕਿ ਹਵਾ, ਪਾਣੀ ਅਤੇ ਮਿੱਟੀ ਦੀ ਸ਼ੁੱਧਤਾ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਸਾਨੂੰ ਭਾਰੀ ਆਰਥਿਕ, ਖੁਰਾਕੀ ਅਤੇ ਵਾਤਾਵਰਨ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਤਿੰਨਾਂ ਸੰਕਟਾਂ ਦੇ ਸ਼ੁਰੂਆਤੀ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਸੋਮਿਆਂ ਨੂੰ ਸੰਭਾਲਣ ਦੀ ਸਖਤ ਜਰੂਰਤ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਕੀਤਾ। ਉਹ ਸਥਾਨਕ ਮੀਟਿੰਗ ਹਾਲ ਵਿਖੇ ”ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਅਤੇ ਪੇਂਡੂ ਆਰਥਿਕਤਾ ਨੂੰ ਮੁੜ ਸੁਰਜੀਤ ਕਰਨਾ” ਵਿਸ਼ੇ ਉੱਪਰ ਰੱਖੇ ਗਏ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਇਹ ਸੈਮੀਨਾਰ ਫਾਰਮਰਜ਼ ਫੂਡ ਪ੍ਰੋਸੈਸਰਜ਼ ਸੋਸਾਇਟੀ ਘੱਲ ਕਲਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ।ਸੈਮੀਨਾਰ ਵਿੱਚ ਕੁਦਰਤੀ ਸੋਮਿਆਂ ਨੂੰ ਗੰਧਲਾ ਕਰਨ ਤੋਂ ਬਚਾਉਣ ਲਈ ਜਾਗਰੂਕਤਾ ਦੇ ਖੇਤਰ ਵਿੱਚ ਲੰਬੇ ਅਰਸੇ ਤੋਂ ਕੰਮ ਕਰ ਰਹੇ ਡਾ. ਚਮਨ ਲਾਲ ਵਿਸ਼ਸ਼ਟ ਰਿਟਾ. ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ, ਅਵਤਾਰ ਸਿੰਘ ਫਗਵਾੜਾ ਫਾਊਂਡਰ ਗੁਡਜ਼ ਗਰੋ ਕਰਾਪਿੰਗ ਸਿਸਟਮ, ਫੋਰਸ ਐਨ.ਜੀ.ਓ. ਸ੍ਰੀਮਤੀ ਜਯੋਤੀ ਸ਼ਰਮਾ, ਰਿਟਾ. ਏ.ਡੀ.ਸੀ. ਸੰਗਰੂਰ ਪ੍ਰੀਤਮ ਸਿੰਘ ਜ਼ੌਹਲ ਤੋਂ ਇਲਾਵਾ ਮਿਸ਼ਨ ਗ੍ਰਾਮ ਸਭਾ ਟੀਮ ਪੰਜਾਬ, ਸੇਵਾ ਪੰਜਾਬ ਟੀਮ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਸੈਮੀਨਾਰ ਵਿੱਚ ਫਾਰਮਰਜ਼ ਫੂਡ ਪ੍ਰੋਸੈਸਰਜ਼ ਸੋਸਾਇਟੀ ਘੱਲ ਕਲਾਂ ਮੋਗਾ ਤੋਂ ਪਰਮਜੀਤ ਸਿੰਘ ਚਮਕੌਰ ਸਿੰਘ, ਜ਼ਸਕਰਨ ਸਿੰਘ, ਰਣਦੀਪ ਸਿੰਘ, ਡਿਪਟੀ ਡਾਇਰੈਕਟਰ ਕੇ.ਵੀ.ਕੇ. ਸੈਂਟਰ ਬੁੱਧ ਸਿੰਘ ਵਾਲਾ ਡਾ. ਅਮਨਦੀਪ ਸਿੰਘ ਬਰਾੜ, ਖੇਤੀਬਾੜੀ ਵਿਭਾਗ ਤੋਂ ਸੁਖਰਾਜ ਕੌਰ, ਮੰਡੀ ਬੋਰਡ ਮੋਗਾ, ਸਮਾਜ ਸੇਵੀ ਸੰਸਥਾਵਾਂ, ਕਿਸਾਨ ਬਜ਼ਾਰ ਦੇ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਸੈਮੀਨਾਰ ਵਿੱਚ ਸਮੂਹ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਦੱਸਿਆ ਕਿ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਅੱਜ ਦੇ ਸਮੇਂ ਵਿੱਚ ਕੁਦਰਤੀ ਖੇਤੀ ਕਰਨ ਦੀ ਬਹੁਤ ਲੋੜ ਹੈ। ਉਨ੍ਹਾਂ ਦੱਸਿਆ ਕਿ ਕੁਦਰਤੀ ਖੇਤੀ ਕਰਨ ਨਾਲ ਨਾ ਸਿਰਫ਼ ਜਹਿਰ ਮੁਕਤ ਫਸਲਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ ਸਗੋਂ ਕਿਸਾਨਾਂ ਦੀ ਆਮਦਨੀ ਦੁੱਗਣੀ ਅਤੇ ਖਰਚੇ ਵੀ ਅੱਧੇ ਕੀਤੇ ਜਾ ਸਕਦੇ ਹਨ। ਮਾਹਿਰਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਖੁਦ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਦੱਸੇ ਗਏ ਤਿੰਨੋਂ ਸੰਕਟ ਜਿਵੇਂ ਕਿ ਆਰਥਿਕ, ਖੁਰਾਕੀ ਅਤੇ ਵਾਤਾਵਰਣਿਕ ਸੰਕਟ ਕਿਤੇ ਨਾ ਕਿਤੇ ਖੇਤੀਬਾੜੀ ਧੰਦੇ ਨਾਲ ਹੀ ਸਬੰਧਤ ਹਨ ਅਤੇ ਸਮਾਜ ਇਨ੍ਹਾਂ ਸੰਕਟਾਂ ਵਿੱਚੋਂ ਤਦ ਹੀ ਨਿਕਲ ਸਕਦਾ ਹੈ ਜੇਕਰ ਹਰ ਇੱਕ ਕਿਸਾਨ ਆਪਣੀ ਫ਼ਸਲ ਦੀ ਪ੍ਰੋਸੈਸਿੰਗ ਵੀ ਖੁਦ ਕਰੇ ਅਤੇ ਮੰਡੀਕਰਨ ਵੀ ਖੁਦ।ਇਸ ਸੈਮੀਨਾਰ ਵਿੱਚ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਲਾਹੇਵੰਦ ਖੇਤੀ, ਘੱਟੇ ਖਰਚੇ ਵਿੱਚ ਵੱਧ ਮੁਨਾਫ਼ੇ ਵਾਲੀ ਖੇਤੀ ਅਤੇ ਉਨ੍ਹਾਂ ਦੀ ਆਮਦਨੀ ਵਿੱਚ ਵਾਧਾ ਕਰਨ ਦੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਇਸ ਤੋਂ ਇਲਾਵਾ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਧੰਦੇ ਵਿੱਚ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਵੀ ਮੌਕੇ ਉੱਪਰ ਨਿਪਟਾਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਸੈਮੀਨਾਰ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਮਾਰਕੀਟਿੰਗ, ਪ੍ਰੋਸੈਸਿੰਗ ਕਰਕੇ ਆਪਣੀ ਆਮਦਨੀ ਵਧਾਉਣ ਦੇ ਰਾਹਾਂ ਉੱਪਰ ਤੋਰਨ ਲਈ ਜ਼ਿਲ੍ਹੇ ਵਿੱਚ ਹਰ ਮਹੀਨੇ ਦੀ 10 ਤਾਰੀਖ ਨੂੰ ਕਿਸਾਨ ਬਜ਼ਾਰ ਦਾ ਸਫ਼ਲ ਆਯੋਜਨ ਕੀਤਾ ਜਾ ਰਿਹਾ ਹੈ ਜਿਸਨੂੰ ਸ਼ਹਿਰ ਵਾਸੀ ਭਰਵਾਂ ਹੁੰਗਾਰਾ ਵੀ ਦੇ ਰਹੇ ਹਨ।
