ਮੋਗਾ, 3 ਮਾਰਚ ( ਅਸ਼ਵਨੀ, ਮੋਹਿਤ ਜੈਨ) -ਭਾਰਤ ਸਰਕਾਰ ਅਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਂਉਤਸਵ ਮਨਾ ਰਹੀ ਹੈ, ਜਿਸ ਤਹਿਤ ਦੇਸ਼ ਭਰ ਵਿੱਚ ਪੰਚ ਪ੍ਰਾਣਾਂ ਦੇ ਅਨੁਸਾਰ ਦੇਸ਼ ਦੇ ਭਵਿੱਖ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਾ ਹੈ। ਇਨ੍ਹਾਂ ਪ੍ਰੋਗਰਾਮਾਂ ਦੇ ਆਯੋਜਨ ਲਈ ਨਹਿਰੂ ਯੁਵਾ ਕੇਂਦਰ ਮੋਗਾ ਅੰਮ੍ਰਿਤ ਕਾਲ ਦੇ ਮਹੱਤਵ ਨੂੰ ਸਮਝਦਿਆਂ ਜ਼ਿਲ੍ਹੇ ਵਿੱਚ ਕੁਝ ਪ੍ਰੋਗਰਾਮ ਕਰਵਾਉਣ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਗੁਰਵਿੰਦਰ ਸਿੰਘ ਜ਼ਿਲ੍ਹਾ ਯੂਥ ਅਫ਼ਸਰ ਮੋਗਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਆਯੋਜਨ ਲਈ ਤਿੰਨ ਸੰਸਥਾਵਾਂ ਦੀ ਚੋਣ ਕੀਤੀ ਜਾਣੀ ਹੈ। ਜਿੰਨ੍ਹਾਂ ਨੂੰ ਇਸ ਪ੍ਰੋਗਰਾਮ ਦੇ ਆਯੋਜਨ ਲਈ 20 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਲਈ ਜ਼ਿਲ੍ਹੇ ਦੇ ਚਾਹਵਾਨ ਕਲੱਬ ਅਤੇ ਸਮਾਜ ਆਧਾਰਿਤ ਸੰਸਥਾਵਾਂ 14 ਮਾਰਚ 2023 ਤੱਕ ਆਪਣੀਆਂ ਅਰਜ਼ੀਆਂ ਨਹਿਰੂ ਯੁਵਾ ਕੇਂਦਰ ਮੋਗਾ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੀਆਂ ਹਨ। ਮਿਥੀ ਤਾਰੀਖ ਤੋਂ ਬਾਅਦ ਪ੍ਰਾਪਤ ਕਿਸੇ ਵੀ ਅਰਜ਼ੀ ਤੇ ਕੋਈ ਧਿਆਨ ਨਹੀਂ ਦਿੱਤਾ ਜਾਵੇਗਾ।ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਦਾ ਆਯੋਜਨ ਟਾਊਨ ਹਾਲ ਵਿਧੀ ਦੇ ਰੂਪ ਵਿੱਚ ਕੀਤਾ ਜਾਵੇਗਾ, ਜਿਸ ਵਿੱਚ ਨੌਜਵਾਨ ਅਤੇ ਮਾਹਿਰ ਪੰਚ ਪ੍ਰਣ ਤੇ ਚਰਚਾ ਕਰਨਗੇ। ਸੰਸਥਾ ਗੈਰ-ਸਿਆਸੀ, ਗੈਰ ਪੱਖ-ਪਾਤੀ ਅਤੇ ਬੇਦਾਗ ਸ਼ਖਸ਼ੀਅਤ ਦੀ ਧਾਰਨੀ ਹੋਣੀ ਚਾਹੀਦੀ ਹੈ। ਸੰਸਥਾ ਆਪਣੇ ਖਰਚੇ ਦਾ ਰਿਕਾਰਡ ਰੱਖਦੀ ਹੋਵੇ ਅਤੇ ਸੰਸਥਾ ਦੇ ਖਿਲਾਫ਼ ਕੋਈ ਵੀ ਅਪਰਾਧਿਕ ਕੇਸ ਲੰਬਿਤ ਨਹੀਂ ਹੋਣਾ ਚਾਹੀਦਾ। ਤਿੰਨ ਸੰਸਥਾਵਾਂ ਦੀ ਚੋਣ ਜ਼ਿਲ੍ਹਾ ਪੱਧਰ ਤੇ ਸਰਕਾਰ ਵੱਲੋਂ ਅਧਿਕਾਰਿਤ ਕਮੇਟੀ ਵੱਲੋਂ ਕੀਤੀ ਜਾਵੇਗੀ।ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਿਆਦਾ ਜਾਣਕਾਰੀ ਲਈ ਅਤੇ ਹੋਰਨਾ ਵੇਰਵਿਆਂ ਸਬੰਧੀ ਜ਼ਿਲ੍ਹਾ ਦਫ਼ਤਰ ਨਹਿਰੂ ਯੁਵਾ ਕੇਂਦਰ ਮੋਗਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
