ਮੋਗਾ, 3 ਮਾਰਚ ( ਅਸ਼ਵਨੀ) -ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੇ ਡਾਟੇ ਨਾਲ ਅਧਾਰ ਕਾਰਡ ਨੂੰ ਲਿੰਕ ਕਰਨ ਦੇ ਮੰਤਵ ਲਈ ਸੁਪਰਵਾਈਜਰ ਅਤੇ ਬੀ.ਐਲ.ਓਜ਼ ਵੱਲੋਂ ਅਧਾਰ ਕਾਰਡ ਡਾਟਾ ਇੱਕਠਾ ਕੀਤਾ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਹਰ ਮਹੀਨੇ ਦੇ ਇੱਕ ਐਤਵਾਰ ਨੂੰ ਜਿਲ੍ਹੇ ਦੇ ਸਮੂਹ ਬੀ.ਐਲ.ਓਜ਼ ਵੱਲੋਂ ਸਬੰਧਤ ਪੋਲਿੰਗ ਸਟੇਸ਼ਨਾਂ ਤੇ ਸਪੈਸ਼ਲ ਕੈਂਪ ਲਗਾਏ ਜਾਂਦੇ ਹਨ ਤਾਂ ਕਿ ਵੋਟਰ ਕਾਰਡਾਂ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਤੇਜੀ ਨਾਲ ਮੁਕੰਮਲ ਹੋ ਸਕੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਚਾਰੋਂ ਵਿਧਾਨ ਸਭਾ ਚੋਣ ਹਲਕਿਆ ਜਿਵੇਂ ਕਿ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਗਾ, ਧਰਮਕੋਟ ਵਿੱਚ 05 ਮਾਰਚ, 2023 ਦਿਨ ਐਤਵਾਰ ਨੂੰ ਸਮੂਹ ਪੋਲਿੰਗ ਸਟੇਸ਼ਨਾਂ ਉੱਪਰ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਕਿ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਵਿੱਚ ਵੋਟਰਾਂ ਦੀ ਸਹਾਇਤਾ ਕੀਤੀ ਜਾ ਸਕੇ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਉਹ ਇਸ ਕੰਮ ਵਿੱਚ ਬੂਥ ਲੈਵਲ ਅਧਿਕਾਰੀਆਂ ਨੂੰ ਪੂਰਾ-ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਵੋਟਰ ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਹੈ ਯੋਗ ਨਾਗਰਿਕ ਆਪਣੇ ਵੋਟਰ ਕਾਰਡ ਨਾਲ ਆਧਾਰ ਨੂੰ ਪਹਿਲ ਦੇ ਆਧਾਰ ਤੇ ਲਿੰਕ ਕਰਵਾ ਲੈਣ। ਕੁਲਵੰਤ ਸਿੰਘ ਨੇ ਅੱਗੇ ਦੱਸਿਆ ਕਿ ਪਹਿਲਾਂ ਤੋਂ ਰਜਿਸਟਰਡ ਵੋਟਰ, ਹੈਲਪਲਾਈਨ ਐਪ, ਐਨ.ਵੀ.ਐਸ.ਪੀ. ਪੋਰਟਲ ਤੇ ਫਾਰਮ ਨੰਬਰ 6-ਬੀ ਰਾਹੀਂ ਆਪਣੇ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰ ਸਕਦੇ ਹਨ। ਭਾਰਤ ਚੋਣ ਕਮਿਸ਼ਨ ਵੱਲੋਂ ਪਹਿਲਾਂ ਭਰੇ ਜਾਣ ਵਾਲੇ ਫਾਰਮ ਨੰਬਰ 6, 7, 8 ਵਿੱਚ ਤਬਦੀਲੀਆਂ ਕਰ ਦਿੱਤੀਆਂ ਗਈਆਂ ਹਨ, ਜਿਵੇਂ ਕਿ ਨਵੀ ਵੋਟ ਬਣਾਉਣ ਸਮੇਂ ਫਾਰਮ ਨੰਬਰ 6 ਵਿੱਚ ਆਧਾਰ ਕਾਰਡ ਲਈ ਦਿੱਤੇ ਗਏ ਕਾਲਮ ਨੂੰ ਵੀ ਹੁਣ ਭਰਿਆ ਜਾਵੇਗਾ। ਜੇਕਰ ਕਿਸੇ ਨੇ ਵੀ ਨਵੀਂ ਵੋਟ ਅਪਲਾਈ ਕਰ ਦਿੱਤੀ ਹੈ ਪਰ ਆਧਾਰ ਕਾਰਡ ਲਿੰਕ ਨਹੀ ਹੋਇਆ ਉਹ ਫਾਰਮ ਨੰਬਰ 6 ਬੀ ਭਰ ਸਕਦੇ ਹਨ। ਵੋਟ ਕਟਵਾਉਣ ਲਈ ਫਾਰਮ ਨੰਬਰ 7 ਵਿੱਚ ਵੋਟ ਕੱਟਣ ਦਾ ਕਾਰਨ ਸਪੱਸ਼ਟ ਕਰਨਾ ਹੋਵੇਗਾ। ਇਸੇ ਤਰ੍ਹਾਂ ਫਾਰਮ ਨੰਬਰ 8 ਵੋਟ ਵਿੱਚ ਕਿਸੇ ਵੀ ਕਿਸਮ ਦੀ ਸੁਧਾਈ ਜਾਂ ਵੋਟ ਤਬਦੀਲ ਕਰਵਾਉਣ, ਡੁਪਲੀਕੇਟ ਵੋਟਰ ਕਾਰਡ ਜਾਰੀ ਕਰਨ ਹਿੱਤ ਲਈ ਭਰਿਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਭਰੇ ਜਾਣ ਵਾਲੇ ਫਾਰਮ ਨੰਬਰ 8-ਏ ਅਤੇ 001 ਫਾਰਮਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਪੀ.ਡਬਲਯੂ. ਡੀ.ਵੋਟਰ ਨੂੰ ਵੋਟਰ ਸੂਚੀ ਵਿੱਚ ਮਾਰਕ ਕਰਨ ਲਈ ਵੀ ਹੁਣ ਫਾਰਮ ਨੰਬਰ 8 ਹੀ ਭਰਿਆ ਜਾਵੇਗਾ।
