ਤਰਨਤਾਰਨ (ਮੋਹਿਤ-ਅਸਵਨੀ) ਸੜਕ ਹਾਦਸਿਆਂ ‘ਚ ਕਮੀ ਲਿਆਉਣ ਲਈ ਕਰੀਬ ਡੇਢ ਦਹਾਕੇ ਤੋਂ ਸੁਸਾਇਟੀ ਫਾਰ ਐਕਸੀਡੈਂਟ ਏਡ ਅਤੇ ਟ੍ਰੈਫਿਕ ਹੈਲਪ ਸਾਥ ਸੰਸਥਾ ਰਾਹੀਂ ਅਹਿਮ ਯੋਗਦਾਨ ਪਾਉਣ ਵਾਲੇ ਸੰਸਥਾ ਦੇ ਕੋਆਰਡੀਨੇਟਰ ਰਮਨੀਕ ਸਿੰਘ ਖੇੜਾ ਨੂੰ ਏਡੀਸੀ ਟ੍ਰੈਫਿਕ ਵੱਲੋਂ ਪ੍ਰਸ਼ੰਸਾ ਪੱਤਰ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਨੂੰ ਜਾਰੀ ਹੋਇਆ ਪ੍ਰਸ਼ੰਸਾ ਪੱਤਰ ਤਰਨਤਾਰਨ ਦੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਖੇੜਾ ਨੂੰ ਸੌਂਪਿਆ ਅਤੇ ਅੱਗੇ ਤੋਂ ਹੋਰ ਸ਼ਿੱਦਤ ਨਾਲ ਇਸ ਵਿਸ਼ੇ ‘ਤੇ ਸਮਾਜ ਨੂੰ ਸੇਧ ਦੇਣ ਲਈ ਪੇ੍ਰਿਤ ਕੀਤਾ।
ਦੱਸ ਦਈਏ ਕਿ ਸੜਕ ਸੁਰੱਖਿਆ ਨੂੰ ਸਮਰਪਿਤ ਸੁਸਾਇਟੀ ਫਾਰ ਐਕਸੀਡੈਂਟ ਏਡ ਅਤੇ ਟ੍ਰੈਫਿਕ ਹੈਲਪ ਨੂੰ ਪਹਿਲਾਂ ਤਰਨਤਾਰਨ ਜ਼ਿਲ੍ਹੇ ‘ਚ ਆਰੰਭ ਕੀਤਾ ਅਤੇ ਫਿਰ ਸਮੁੱਚੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਵਿਚ ਵੀ ਰਮਨੀਕ ਸਿੰਘ ਖੇੜਾ ਵੱਲੋਂ ਪਹੁੰਚ ਕੀਤੀ ਗਈ। ਜਿੱਥੋਂ ਦੇ ਉਹ ਲੋਕ ਜੋ ਸੜਕ ਸੁਰੱਖਿਆ ਸਬੰਧੀ ਕਾਰਜ ਕਰ ਰਹੇ ਸਨ, ਨੂੰ ਸੰਸਥਾ ਨਾਲ ਜੋੜਿਆ ਗਿਆ। ਰਮਨੀਕ ਸਿੰਘ ਖੇੜਾ ਨੇ ਦੱਸਿਆ ਕਿ ਹੁਣ ਤਕ ਹਜ਼ਾਰਾਂ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਵਿਸ਼ੇ ਬਾਰੇ ਜਾਗਰੂਕ ਕੀਤਾ ਜਾ ਚੁੱਕਾ ਹੈ ਅਤੇ ਬਕਾਇਦਾ ਟ੍ਰੈਫਿਕ ਮਾਰਸ਼ਲ ਦੇ ਰੂਪ ਵਿਚ ਬੱਚਿਆਂ ਨੂੰ ਫੀਲਡ ਵਿਚ ਲਿਜਾ ਕੇ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਨਾਲ ਹੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਪ੍ਰਣ ਪੱਤਰ ਵੀ ਭਰਵਾਏ ਗਏ। ਇੰਨਾ ਹੀ ਨਹੀਂ ਸੜਕ ਹਾਦਸਿਆਂ ਵਿਚ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਸਾਥ ਦੇ ਸਾਲਾਨਾ ਸਮਾਗਮ ‘ਚ ਸਨਮਾਨਿਤ ਕੀਤਾ ਗਿਆ ਤਾਂ ਜੋ ਹੋਰਨਾਂ ਤਕ ਵੀ ਇਹ ਸੰਦੇਸ਼ ਪਹੁੰਚਾਇਆ ਜਾ ਸਕੇ ਕਿ ਹਾਦਸਾ ਪੀੜਤਾਂ ਦੀ ਮਦਦ ਕਰਨ ਨਾਲ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਹੌਸਲਾ ਅਫਜਾਈ ਵਜੋਂ ਪ੍ਰਸ਼ੰਸਾ ਪੱਤਰ ਸੌਂਪੇ ਜਾਣ ‘ਤੇ ਏਡੀਜੀਪੀ ਟ੍ਰੈਫਿਕ ਅਮਰਦੀਪ ਸਿੰਘ ਰਾਏ ਅਤੇ ਤਰਨਤਾਰਨ ਦੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕਤਾ ਫੈਲਾਉਣਾ ਸਾਡਾ ਫਰਜ਼ ਹੈ ਅਤੇ ਇਸ ਫਰਜ਼ ਨੂੰ ਨਿਭਾਉਣ ‘ਚ ਉਹ ਕਦੇ ਪਿੱਛੇ ਨਹੀਂ ਹਟਣਗੇ।
