ਫਤਹਿਗੜ੍ਹ ਸਾਹਿਬ, 28 ਮਾਰਚ ( ਰੋਹਿਤ ਗੋਇਲ, ਅਸ਼ਵਨੀ ) – ਜਿਲ੍ਹਾ ਭਾਸ਼ਾ ਦਫ਼ਤਰ ਫ਼ਤਹਿਗੜ੍ਹ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਖੇ ਵਿਸ਼ਵ ਰੰਗ-ਮੰਚ ਦਿਵਸ ਨੂੰ ਸਮਰਪਿਤ ਬਲਰਾਜ ਸਾਗਰ ਤੇ ਰਿਆਨ ਖਾਨ ਦਾ ਲਿਖਿਆ ਤੇ ਦੇਵ ਮਲਿਕ ਦਾ ਨਿਰਦੇਸ਼ਿਤ ਕੀਤਾ ਨਾਟਕ “ਦਿਸ਼ਾ-ਹੀਣ ਨਾਦਾਨ ਪਰਿੰਦੇ’’ ਦੀ ਪੇਸ਼ਕਾਰੀ ਕੀਤੀ ਗਈ। ਇਸ ਨਾਟਕ ਦਾ ਵਿਸ਼ਾ ਪੰਜਾਬ ਵਿੱਚ ਫੈਲੀ ਭਰੂਣ ਹੱਤਿਆ ਤੇ ਨਸ਼ੇ ਦੇ ਕੋਹੜ ਵਰਗੀ ਬਿਮਾਰੀ ਤੇ ਆਧਾਰਿਤ ਸੀ ਜੋ ਪੰਜਾਬ ਨੂੰ ਘੁਣ ਵਾਂਗ ਖਾਈ ਜਾ ਰਹੀ ਹੈ। ਇਸ ਨਾਟਕ ਦੇ ਪਾਤਰਾ ਦੇ ਕਿਰਦਾਰਾਂ ਦੀ ਭੂਮਿਕਾਂ ਦੇਵ ਮਲਿਕ, ਗੁਰਪ੍ਰੀਤ ਬਰਗਾੜੀ, ਅੰਕਾਂਸ਼ਾ ਕਾਂਸਲ, ਸਚਿਨ ਕੁਮਾਰ, ਮਨਦੀਪ ਸਿੰਘ, ਰਵਿੰਦਰ ਰਵੀ, ਮਨਦੀਪ ਕੁਮਾਰ ਵੱਲੋ ਨਿਭਾਈ ਗਈ। ਇਸ ਤੋ ਇਲਾਵਾ ਡਾ. ਅੱਛਰੂ ਸਿੰਘ ਸ਼੍ਰੋਮਣੀ ਸਾਹਿਤਕਾਰ ਭਾਸ਼ਾ ਵਿਭਾਗ, ਪੰਜਾਬ ਨੇ ਵਿਲੀਅਮ ਸ਼ੈਕਸਪੀਅਰ ਦੀ ਰਚਨਾ ‘‘ ਐਜ਼ ਯੂ ਲਾਇਕ ਇਟ’’ ਦਾ ਪੰਜਾਬੀ ਅਨੁਵਾਦ ਪੜਿਆ ਜੋ ਕਿ ਰੰਗ-ਮੰਚ ਨਾਲ ਸਬੰਧਿਤ ਸੀ। ਇਸ ਦੇ ਨਾਲ ਹੀ ਅਨੂਪ ਖਾਂਨ ਪੁਰੀ ਅਤੇ ਸੰਤ ਸਿੰਘ ਸੋਹਲ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਇਸ ਸਮੁੱਚੇ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਪਰਿਤ ਪਾਲ ਸਿੰਘ ਜੀ ਨੇ ਕੀਤੀ। ਆਪਣਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਸਮਾਜ ਵਿੱਚ ਫੈਲੀਆਂ ਭਰੂਣ ਹੱਤਿਆਂ ਤੇ ਨਸ਼ੇ ਦੇ ਕੋਹੜ ਵਰਗੀਆਂ ਬਿਮਾਰੀਆਂ ਤੋ ਨਿਜ਼ਾਤ ਪਾਉਣ ਲਈ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਵਿਸ਼ੇਸ਼ ਟਿੱਪਣੀਕਾਰ ਦੇ ਤੌਰ ’ਤੇ ਡਾ. ਹਰਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਨੇ ਨਾਟਕ ਬਾਰੇ ਬਰੀਕੀ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਸਮਾਗਮ ਦੌਰਾਨ ਭਾਸ਼ਾ ਵਿਭਾਗ ਵੱਲੋ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਮੰਚ ਸੰਚਾਲਨ ਦੀ ਭੂਮਿਕਾ ਡਾ. ਬਿੰਦਰ ਸਿੰਘ ਨੇ ਬਾਖੂਬੀ ਨਿਭਾਈ। ਭਾਸ਼ਾ ਵਿਭਾਗ ਫ਼ਤਹਿਗੜ੍ਹ ਸਾਹਿਬ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਵਿਭਾਗ ਦੀਆਂ ਪੁਸਤਕਾਂ ਦੇ ਬੰਡਲਾਂ ਨਾਲ ਅਤੇ ਨਾਟਕ ਮੰਡਲੀ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿੱਚ ਪਹੁੰਚੇ ਹੋਏ ਸਾਹਿਤਕਾਰਾਂ ਤੇ ਦਰਸ਼ਕਾਂ ਨੂੰ ਡਾ. ਹਰਦੇਵ ਸਿੰਘ, ਮੁੱਖੀ ਧਰਮ ਅਧਿਐਨ ਵਿਭਾਗ ਵੱਲੋਂ ਜੀਓ ਆਇਆਂ ਆਖਿਆ ਗਿਆ। ਆਖੀਰ ਵਿੱਚ ਸ.ਜਗਜੀਤ ਸਿੰਘ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋ ਆਏ ਹੋਏ ਲੇਖਕਾਂ,ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮਹਿਕਮੇ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ। ਸਮਾਗਮ ਵਿਚ ਪਰਮਜੀਤ ਕੌਰ ਸਰਹਿੰਦ, ਸ. ਊਧਮ ਸਿੰਘ, ਸਾਬਕਾ ਸਹਾਇਕ ਡਾਇਰੈਕਟਰ ਕੰਵਲਜੀਤ ਕੌਰ, ਗੁਰਬਚਨ ਸਿੰਘ ਵਿਰਦੀ,ਕਰਨੈਲ ਸਿੰਘ ਗੋਬਿੰਦਗੜ੍ਹ, ਮਨਿੰਦਰ ਕੌਰ ਬੱਸੀ,ਰਣਜੀਤ ਸਿੰਘ ਰਾਗੀ, ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ, ਡਾ. ਗੁਰਮੀਤ ਸਿੰਘ ਆਦਿ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਦਾ ਸਮੁੱਚਾ ਸਟਾਫ਼ ਤੇ ਵਿਦਿਆਰਥੀ ਵੀ ਸ਼ਾਮਿਲ ਹੋਏ।
