ਖਮਾਣੋਂ, 28 ਮਾਰਚ ( ਵਿਕਾਸ ਮਠਾੜੂ) -ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ। ਇਸੇ ਲੜ੍ਹੀ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਖਮਾਣੋਂ ਬਲਾਕ ਦੇ ਪਿੰਡ ਰਿਆ ਵਿਖੇ ਕਰੀਬ 18 ਲੱਖ ਰੁਪਏ ਦੇ ਲਾਗਤ ਨਾਲ ਉਸਾਰੇ ਗਏ ਖੇਡ ਸਟੇਡੀਅਮ ਦਾ ਉਦਘਾਟਨ ਕਰਨ ਉਪਰੰਤ ਕੀਤਾ। ਹੈਪੀ ਨੇ ਦੱਸਿਆ ਕਿ ਪਿੰਡ ਰਿਆ ਵਿਖੇ ਉਸਾਰਿਆ ਗਿਆ ਸਟੇਡੀਅਮ ਆਪਣੇ ਆਪ ਵਿੱਚ ਇੱਕ ਮਿਸਾਲ ਸਾਬਤ ਹੋਵੇਗਾ ਜਿਸ ਵਿੱਚ ਵੱਖ ਵੱਖ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਬੈਡਮਿੰਟਨ, ਫੁੱਟਬਾਲ , ਵਾਲੀਵਾਲ, ਕਬੱਡੀ ਅਤੇ ਹੋਰ ਗੇਮਾਂ ਲਈ ਗਰਾਉਂਡ ਬਣਾਏ ਗਏ ਹਨ ਤਾਂ ਜੋ ਇਲਾਕੇ ਦੇ ਪਿੰਡਾਂ ਦੇ ਨੌਜਵਾਨ ਇਨ੍ਹਾਂ ਗਰਾਉਂਡਾਂ ਵਿੱਚ ਤਿਆਰੀ ਕਰਕੇ ਜਿਲ੍ਹਾ ਪੱਧਰ, ਪੰਜਾਬ ਪੱਧਰ ਅਤੇ ਰਾਸ਼ਟਰ ਪੱਧਰ ਤੇ ਖੇਡਾਂ ਵਿੱਚ ਨਾਮਣਾ ਖੱਟ ਸਕਣ ਅਤੇ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੁੜ ਤੋਂ ਬੁਲੰਦੀਆਂ ਤੇ ਪਹੁੰਚਾਇਆ ਜਾ ਸਕੇ।ਵਿਧਾਇਕ ਨੇ ਇਲਾਕੇ ਦੇ ਨੌਜਵਾਨਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਨੇ ਸਟੇਡੀਅਮ ਉਸਾਰਨ ਵਿੱਚ ਜੋ ਯੋਗਦਾਨ ਪਾਇਆ ਹੈ ਉਹ ਬੇਮਿਸਾਲ ਸਾਬਤ ਹੋਵੇਗਾ ਅਤੇ ਇਸਨੂੰ ਕਦੇ ਵੀ ਭੁਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਇਲਾਕੇ ਦੇ ਨੌਜਵਾਨਾਂ ਨੇ ਬੜਾ ਸਹਿਯੋਗ ਦਿੱਤਾ ਹੈ, ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨ ਵਿੱਚ ਦਿਨ ਰਾਤ ਤਤਪਰ ਹੈ ਅਤੇ ਜਲਦੀ ਹੀ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ। ਇਸ ਮੌਕੇ ਐਸ.ਡੀ.ਐਮ ਖਮਾਣੋ ਸ੍ਰੀਮਤੀ ਪਰਲੀਨ ਕਾਲੇਕਾ, ਬੀ.ਡੀ.ਪੀ.ਓ ਪਰਮਵੀਰ ਕੌਰ,ਤੋਂ ਇਲਾਵਾ ਪਿੰਡ ਦੇ ਪੰਤਵੰਤੇ ਹਾਜਰ ਸਨ।
