* ਆਪ ਦੇ ਰਾਜ਼ ‘ਚ ਮਜ਼ਦੂਰਾਂ ‘ਤੇ ਜਾਤੀ ਹਿੰਸਾ ਵਧਣ ਦੇ ਦੋਸ਼
ਬਠਿੰਡਾ 20 ਫਰਵਰੀ (ਰਾਜਨ ਜੈਨ-ਮੋਹਿਤ ਜੈਨ)ਪੁਲਿਸ ਵੱਲੋਂ ਜਿਲੇ ਬਠਿੰਡਾ ਅੰਦਰ ਜਾਤੀ ਵਿਤਕਰੇ ਕਰਨ ਵਾਲਿਆਂ ‘ਤੇ ਐਸੀ / ਐਸ ਟੀ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫਤਾਰ ਨਾ ਕਰਨ ਵਿਰੁੱਧ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ‘ਤੇ ਬੀਤੇ ਇੱਕ ਹਫਤੇ ਤੋਂ ਧਰਨਾ ਲਾਈ ਬੈਠੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਵੱਲੋਂ ਅੱਜ ਐਸ ਐਸ ਪੀ ਦਫਤਰ ਦਾ ਘਿਰਾਓ ਕਰਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਦੇ ਘਿਰਾਓ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ , ਦਿਹਾਤੀ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਵੀ ਭਰਵੀਂ ਸਮੂਲੀਅਤ ਕੀਤੀ ਗਈ।
ਘਿਰਾਓ ਦੌਰਾਨ ਜੁੜੇ ਇਕੱਠ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ , ਜਿਲਾ ਕਨਵੀਨਰ ਮਾਸਟਰ ਸੇਵਕ ਸਿੰਘ ਮਹਿਮਾ ਸਰਜਾ , ਮਨਦੀਪ ਸਿੰਘ ਸਿਵੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਮੱਖਣ ਸਿੰਘ ਰਾਮਗੜ੍ਹ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਜਗਸੀਰ ਸਿੰਘ ਮਹਿਰਾਜ,ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਮੱਖਣ ਸਿੰਘ ਤਲਵੰਡੀ , ਨੌਜਵਾਨ ਭਾਰਤ ਸਭਾ ਦੇ ਆਗੂ ਜਸਕਰਨ ਸਿੰਘ ਕੋਟਗੁਰੂ ਤੇ ਲੋਕ ਮੋਰਚਾ ਪੰਜਾਬ ਦੇ ਆਗੂ ਜਗਮੇਲ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਲੋਕ ਗਾਇਕ ਜਗਸੀਰ ਜੀਦਾ ਦੇ ਖੇਤ ਦਾ ਰਸਤਾ ਤੇ ਪਾਣੀ ਉੱਚ ਜਾਤੀ ਨਾਲ ਸਬੰਧਤ ਸ਼ਿੰਦਰਪਾਲ ਸਿੰਘ ਵੱਲੋਂ ਜਾਤਪਾਤੀ ਵਿਤਕਰੇ ਤੇ ਬਦਲਾ ਲਊ ਭਾਵਨਾ ਤਹਿਤ ਇਸ ਕਰਕੇ ਬੰਦ ਕਰ ਦਿੱਤਾ ਗਿਆ ਕਿ ਦੋ ਕੁ ਵਰੇ ਪਹਿਲਾਂ ਪਿੰਡ ਦੇ ਉੱਚ ਜਾਤੀ ਲੋਕਾਂ ਤੇ ਸ਼ਿੰਦਰਪਾਲ ਸਿੰਘ ਦੇ ਨਜ਼ਦੀਕੀਆਂ ਵੱਲੋਂ ਦਲਿਤ ਮਜ਼ਦੂਰਾਂ ਉਤੇ ਢਾਹੇ ਅਣਮਨੁੱਖੀ ਜ਼ਬਰ ਖ਼ਿਲਾਫ਼ ਜਗਸੀਰ ਜੀਦਾ ਦੇ ਪਰਿਵਾਰ ਵੱਲੋਂ ਅਵਾਜ਼ ਉਠਾਉਣ ਕਰਕੇ ਦੋਸ਼ੀਆਂ ਉਤੇ ਐਸ ਸੀ ਐਸ ਟੀ ਐਕਟ ਤਹਿਤ ਕੇਸ ਦਰਜ ਹੋਇਆ ਸੀ। ਇਸੇ ਰੰਜਿਸ਼ ਦੇ ਤਹਿਤ ਹੁਣ ਉੱਚ ਜਾਤੀ ਨਾਲ ਸਬੰਧਤ ਦੋਸ਼ੀਆਂ ਨਾਲ਼ ਸ਼ਾਹਬਾਜ਼ ਕਰਕੇ ਸ਼ਿੰਦਰਪਾਲ ਸਿੰਘ ਵੱਲੋਂ ਸਭ ਕਾਨੂੰਨੀ ਕਾਗਜਾਤ ਪੂਰੇ ਹੋਣ ਦੇ ਬਾਵਜੂਦ ਜਗਸੀਰ ਸਿੰਘ ਜੀਦਾ ਦੀ ਜ਼ਮੀਨ ਦਾ ਰਸਤਾ ਤੇ ਪਾਣੀ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਪਿਛਲੇ ਸਾਲ ਤੋਂ ਸ੍ਰੀ ਜੀਦਾ ਦੀ ਜ਼ਮੀਨ ਵਿਹਲੀ ਪਈ ਹੈ । ਉਹਨਾਂ ਦੋਸ਼ ਲਾਇਆ ਕਿ ਰਾਹ ਤੇ ਪਾਣੀ ਰੋਕਣ ਵਾਲੇ ਸ਼ਿੰਦਰਪਾਲ ਸਿੰਘ ਦੇ ਪਰਿਵਾਰ ਦੀ ਸੁਖਬੀਰ ਬਾਦਲ ਨਾਲ਼ ਨੇੜਤਾ ਹੋਣ ਕਾਰਨ ਪੁਲੀਸ ਪ੍ਰਸ਼ਾਸਨ ਦੋਸ਼ੀ ਖਿਲਾਫ ਕਾਰਵਾਈ ਕਰਨ ਦੀ ਥਾਂ ਡੰਗ ਟਪਾਈ ਕਰ ਰਿਹਾ ਹੈ। ਉਹਨਾਂ ਆਖਿਆ ਕਿ ਪਿੰਡ ਜਿਉਂਦ ਦੀ ਦਲਿਤ ਮਜ਼ਦੂਰ ਔਰਤ ਅਮਰਜੀਤ ਕੌਰ ਨੂੰ ਪਿੰਡ ਦੇ ਹੀ ਧਨਾਢ ਗੁਰਮੇਲ ਸਿੰਘ ਮੇਲਾ ਨੇ ਜਾਤੀ ਅਧਾਰਤ ਗਾਲਾਂ ਕੱਢਕੇ ਬੇਇੱਜ਼ਤ ਕੀਤਾ ਗਿਆ ਸੀ ਜਿਸ ਖਿਲਾਫ ਐਸ ਸੀ ਐਸ ਟੀ ਐਕਟ ਤਹਿਤ ਪਰਚਾ ਦਰਜ ਹੋਣ ਤੋਂ ਬਾਅਦ ਵੀ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ । ਉਹਨਾਂ ਇਹ ਵੀ ਦੋਸ਼ ਲਾਇਆ ਕਿ ਇਹ ਪੁਲਿਸ ਦੀ ਗਰੀਬਾਂ ਤੇ ਜ਼ਬਰ ਢਾਹੁਣ ਵਾਲਿਆਂ ਨਾਲ਼ ਮਿਲੀਭੁਗਤ ਦਾ ਸਬੂਤ ਹੈ ਕਿ ਪਿੰਡ ਜੈ ਸਿੰਘ ਵਾਲਾ ਦੇ ਗ਼ਰੀਬ ਨੌਜਵਾਨ ਨੂੰ ਅਗਵਾ ਕਰਕੇ ਤਸ਼ੱਦਦ ਢਾਹੁਣ ਵਾਲਾ ਅਕਾਲੀ ਆਗੂ ਨਿਰਮਲ ਸਿੰਘ ਟੀਟੂ ਅਗਵਾ ਦਾ ਪਰਚਾ ਦਰਜ ਹੋਣ ਦੇ ਹਾਈਕੋਰਟ ਚੋਂ ਜ਼ਮਾਨਤ ਕਰਾਉਣ ਚ ਸਫਲ ਹੋ ਗਿਆ।
ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਐਸ ਪੀ ਐਸ ਗੁਰਬਿੰਦਰ ਸਿੰਘ ਸੰਘਾ ਵੱਲੋਂ ਮਜ਼ਦੂਰ ਆਗੂਆਂ ਨਾਲ਼ ਮੀਟਿੰਗ ਕਰਕੇ ਸਭਨਾਂ ਮਾਮਲਿਆਂ ਨੂੰ ਇੱਕ ਹਫ਼ਤੇ ਚ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਮਜ਼ਦੂਰ ਆਗੂ ਜ਼ੋਰਾ ਸਿੰਘ ਨਸਰਾਲੀ ਨੇ ਐਲਾਨ ਕੀਤਾ ਕਿ ਜੇਕਰ ਇੱਕ ਹਫ਼ਤੇ ਦੇ ਵਿੱਚ ਮਸਲਿਆਂ ਦਾ ਤਸੱਲੀਬਖ਼ਸ਼ ਨਿਪਟਾਰਾ ਨਾ ਕੀਤਾ ਤਾਂ ਉਹਨਾਂ ਦੀ ਜਥੇਬੰਦੀ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ ਅਤੇ ਆਉਂਦੇ ਸਮੇਂ ਚ ਜਗਸੀਰ ਜੀਦਾ ਦੇ ਖੇਤ ਦਾ ਰਾਹ ਤੇ ਪਾਣੀ ਦਾ ਹੱਕ ਹਾਸਲ ਕਰਕੇ ਫ਼ਸਲ ਦੀ ਬਿਜਾਈ ਕਰੇਗੀ। ਇਸ ਐਲਾਨ ਨਾਲ ਹੀ ਬੀਤੇ ਇੱਕ ਹਫਤੇ ਤੋਂ ਇੱਥੇ ਚਲਦਾ ਧਰਨਾ ਇੱਕ ਵਾਰ ਮੁਲਤਵੀ ਕਰ ਦਿੱਤਾ ਗਿਆ।