Home Political ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ, ਲਾਮਿਸਾਲ...

ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ, ਲਾਮਿਸਾਲ ਕਦਮ ਚੁੱਕਦਿਆਂ ਗੰਨਾ ਕਿਸਾਨਾਂ ਦੇ ਸਾਰੇ ਬਕਾਏ ਜਾਰੀ

57
0

• ਸੰਬੰਧਤ ਕਿਸਾਨਾਂ ਦੇ ਖਾਤਿਆਂ ਵਿੱਚ 75 ਕਰੋੜ ਰੁਪਏ ਦੀ ਆਖਰੀ ਕਿਸ਼ਤ ਜਮ੍ਹਾਂ

• ਮੁੱਖ ਮੰਤਰੀ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਦ੍ਰਿੜ੍ਹ ਵਚਨਬੱਧਤਾ ਦੁਹਰਾਈ
ਚੰਡੀਗੜ੍ਹ, 8 ਸਤੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ) –
ਗੰਨਾ ਕਾਸ਼ਤਕਾਰਾਂ ਨਾਲ ਕੀਤੇ ਆਪਣੇ ਇਕ ਹੋਰ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੀਰਵਾਰ ਨੂੰ ਲਾਮਿਸਾਲ ਕਦਮ ਚੁੱਕਦਿਆਂ ਗੰਨਾ ਕਿਸਾਨਾਂ ਦੇ ਸਾਰੇ ਬਕਾਏ ਜਾਰੀ ਕਰ ਦਿੱਤੇ ਉਨ੍ਹਾਂ ਦੇ ਖਾਤਿਆਂ ਵਿੱਚ 75 ਕਰੋੜ ਰੁਪਏ ਆਖਰੀ ਕਿਸ਼ਤ ਵਜੋਂ ਜਮ੍ਹਾਂ ਕਰਵਾ ਦਿੱਤੇ।

ਵੇਰਵੇ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਬੁੱਧਵਾਰ ਯਾਨੀ 7 ਸਤੰਬਰ, 2022 ਨੂੰ ਗੰਨਾ ਕਿਸਾਨਾਂ ਨੂੰ ਅਦਾਇਗੀ ਵਜੋਂ 75 ਕਰੋੜ ਰੁਪਏ
ਸ਼ੂਗਰਫੈੱਡ, ਪੰਜਾਬ ਰਾਹੀਂ ਜਾਰੀ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਅੱਜ (ਵੀਰਵਾਰ 8 ਸਤੰਬਰ) ਨੂੰ ਸਬੰਧਤ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਇਹ ਰਕਮ ਜਮ੍ਹਾਂ ਕਰਵਾ ਦਿੱਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਅਦਾਇਗੀ ਤੋਂ ਬਾਅਦ ਅਜਨਾਲਾ, ਬਟਾਲਾ, ਬੁੱਢੇਵਾਲ, ਭੋਗਪੁਰ, ਫਾਜ਼ਿਲਕਾ, ਗੁਰਦਾਸਪੁਰ, ਮੋਰਿੰਡਾ, ਨਕੋਦਰ ਅਤੇ ਨਵਾਂਸ਼ਹਿਰ ਵੱਲ ਗੰਨਾ ਕਾਸ਼ਤਕਾਰਾਂ ਦਾ ਕੋਈ ਬਕਾਇਆ ਨਹੀਂ ਬਚਿਆ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਬਕਾਇਆ ਅਦਾਇਗੀਆਂ ਪਿੜਾਈ ਸੀਜ਼ਨ 2021-22 ਨਾਲ ਸਬੰਧਤ ਹਨ ਅਤੇ ਪਹਿਲੀ ਦਫ਼ਾ ਕਿਸਾਨਾਂ ਦੇ ਸਾਰੇ ਬਕਾਏ ਜਾਰੀ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ 75 ਕਰੋੜ ਰੁਪਏ ਦੀ ਇਸ ਅਦਾਇਗੀ ਨਾਲ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਨੇ ਗੰਨਾ ਕਿਸਾਨਾਂ ਦੇ ਸਾਰੇ ਬਕਾਏ ਭੁਗਤਾ ਦਿੱਤੇ ਹਨ। ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਗੰਨਾ ਕਿਸਾਨਾਂ ਨੂੰ 619.62 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਹਾਲ ਦੀ ਘੜੀ ਕਿਸਾਨਾਂ ਦਾ ਕੁੱਝ ਵੀ ਬਕਾਇਆ ਨਹੀਂ ਹੈ।

ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਰਾਹੀਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਲਗਾਤਾਰ ਪੁਰਜ਼ੋਰ ਉਪਰਾਲੇ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਲਈ ਸੁਹਿਰਦ ਯਤਨ ਕਰ ਰਹੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ 2022-23 ਦੇ ਆਗਾਮੀ ਗੰਨੇ ਦੇ ਸੀਜ਼ਨ ਵਿੱਚ ਅਜਿਹੀ ਕੋਈ ਵੀ ਬੇਲੋੜੀ ਦੇਰੀ ਨਾ ਹੋਵੇ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਅਦਾਇਗੀ ਸਮੇਂ ਸਿਰ ਮਿਲੇ।

LEAVE A REPLY

Please enter your comment!
Please enter your name here