ਮੋਗਾ, 28 ਮਾਰਚ ( ਰਾਜਨ ਜੈਨ) -ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਅੰਦਰ ਮੋਗਾ, ਅਜੀਤਵਾਲ, ਧਰਮਕੋਟ, ਕੋਟ ਈਸੇ ਖਾਂ, ਬਾਘਾਪੁਰਾਣਾ, ਸਮਾਲਸਰ, ਨਿਹਾਲ ਸਿੰਘ ਵਾਲਾ, ਬੱਧਨੀਂ ਕਲਾਂ ਵਿਖੇ ਖੋਲ੍ਹੇ ਗਏ ਫਰਦ ਕੇਂਦਰਾਂ ਤੋਂ ਫਰਵਰੀ, 2023 ਮਹੀਨੇ ਦੌਰਾਨ ਜ਼ਿਲ੍ਹੇ ਦੇ 11814 ਬਿਨੈਕਾਰਾਂ ਨੇ ਫਰਦਾਂ ਪ੍ਰਾਪਤ ਕੀਤੀਆਂ। ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੇ ਮਕਸਦ ਤਹਿਤ ਜ਼ਿਲ੍ਹੇ ਅੰਦਰ ਚੱਲ ਰਹੇ ਫ਼ਰਦ ਕੇਂਦਰਾਂ ਦਾ ਲੋਕ ਵੱਡੀ ਗਿਣਤੀ ਵਿਚ ਲਾਹਾ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ ਰਾਹੀਂ ਆਮ ਜਨਤਾ ਦੇ ਕੰਮ ਪਹਿਲਾਂ ਨਾਲੋਂ ਛੇਤੀ ਹੋ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਜ਼ਮੀਨੀ ਰਿਕਾਰਡ ਦੀ ਜਾਣਕਾਰੀ ਮੌਕੇ ‘ਤੇ ਹੀ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਅੰਦਰ 8 ਫ਼ਰਦ ਕੇਂਦਰਾਂ ‘ਚ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਦਾਨ ਕੀਤੀਆਂ ਫਰਦਾਂ ਤਹਿਤ ਫਰਦ ਕੇਂਦਰ ਮੋਗਾ ਵਿਖੇ 2715, ਅਜੀਤਵਾਲ ਵਿਖੇ 755, ਧਰਮਕੋਟ ਵਿਖੇ 2061, ਕੋਟ ਈਸੇ ਖਾਂ ਵਿਖੇ 816, ਬਾਘਾਪੁਰਾਣਾ ਵਿਖੇ 2029, ਸਮਾਲਸਰ ਵਿਖੇ 836 ਅਤੇ ਨਿਹਾਲ ਸਿੰਘ ਵਾਲਾ ਵਿਖੇ 1844 ਅਤੇ ਫਰਦ ਕੇਂਦਰ ਬੱਧਨੀਂ ਕਲਾਂ ਵਿਖੇ 758 ਵਿਅਕਤੀਆਂ ਨੇ ਫਰਦਾਂ ਲਈ ਦਰਖ਼ਾਸਤਾਂ ਦਿੱਤੀਆਂ ਸਨ, ਜਿਨ੍ਹਾਂ ਨੂੰ ਮੌਕੇ ‘ਤੇ ਹੀ ਫ਼ਰਦਾਂ ਦੀਆਂ 78319 ਕਾਪੀਆਂ ਮੁਹੱਈਆ ਕਰਵਾਈਆ।ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਥਾਪਿਤ ਫਰਦ ਕੇਂਦਰਾਂ ਨਾਲ ਜਿੱਥੇ ਜ਼ਿਲ੍ਹਾ ਵਾਸੀਆਂ ਦੇ ਸਮੇਂ ਦੀ ਬਚਤ ਹੋ ਰਹੀ ਹੈ, ਉਥੇ ਫਰਦਾਂ ਬਹੁਤ ਹੀ ਸੌਖੇ ਤਰੀਕੇ ਨਾਲ ਮੁਹੱਈਆ ਕੀਤੀਆਂ ਜਾ ਰਹੀਆਂ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਉਨ੍ਹਾਂ ਦੀ ਸਹੂਲਤ ਲਈ ਉਨ੍ਹਾਂ ਨੂੰ ਫਰਦ ਕੇਂਦਰਾਂ ਦੀਆਂ ਸੇਵਾਵਾਂ ਬਿਨ੍ਹਾਂ ਕਿਸੇ ਸਿਫਾਰਿਸ਼ ਤੋਂ ਬੜੇ ਹੀ ਪਾਰਦਰਸ਼ੀ ਤਰੀਕੇ ਨਾਲ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।