ਮੁੱਲਾਂਪੁਰ ਦਾਖਾ 17 ਅਪ੍ਰੈਲ (ਸਤਵਿੰਦਰ ਸਿੰਘ ਗਿੱਲ)ਦਸਮੇਸ਼ ਕਿਸਾਨ ਮਜਦੂਰ ਯੂਨੀਅਨ ( ਰਜਿ:) ਜਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਅਤੇ ਸਰਗਰਮ ਵਰਕਰਾਂ ਦੀ ਐਮਰਜੈਂਸੀ ਮੀਟਿੰਗ ਅੱਜ ਤਲਵੰਡੀ ਕਲਾਂ ਵਿਖੇ ਪ੍ਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਧਾਨਗੀ ਹੇਠ ਹੋਈ। ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਭਾਰਤ ਦੀਆਂ ਪੰਜਾਬ ਦੀਆਂ ਕਿਸਾਨ -ਜੱਥੇਬੰਦੀਆਂ ਦੇ ਸਾਂਝੇ ਸੱਦੇ ਅਨੁਸਾਰ ਅਤੇ ਸਾਂਝੀ ਜਗਰਾਉਂ ਮੀਟਿੰਗ ਦੇ ਫੈਸਲੇ ਮੁਤਾਬਕ 18 ਅਪਰੈਲ ਦਿਨ ਮੰਗਲਵਾਰ ਨੂੰ ਠੀਕ 12 ਤੋਂ 4 ਵਜੇ ਤੱਕ ਰੇਲਵੇ ਸਟੇਸ਼ਨ ਜਗਰਾਉਂ ਵਿਸ਼ਾਲ ਰੇਲ ਚੱਕਾ ਜਾਮ ਨੂੰ ਕਾਮਯਾਬ ਕਰਨ ਲਈ ਗੰਭੀਰ ਤੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ ਅਤੇ ਜੋਰਦਾਰ ਲਾਮਬੰਦੀ ਲਈ ਤਿਆਰੀਆਂ ਆਰੰਭਣ ਦਾ ਦ੍ਰਿੜ ਫੈਸਲਾ ਕੀਤਾ ਗਿਆl
ਅੱਜ ਦੀ ਮੀਟਿੰਗ ਨੂੰ ਸੰਬੰਧਨ ਕਰਦਿਆਂ ਜੱਥੇਬੰਦੀ ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਜੱਥੇਬੰਦਕ ਸਕੱਤਰ ਅਵਤਾਰ ਸਿੰਘ ਬਿਲੂ ਵਲੈਤੀਆ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ ਨੇ ਵਰਨਣ ਕੀਤਾ ਕਿ ਕੇਂਦਰ ਦੀ ਫਿਰਕੂ- ਫਾਸ਼ੀ ਅਤੇ ਕਿਸਾਨ-ਮਜਦੂਰ ਵਿਰੋਧੀ ਨਰੇਂਦਰ ਮੋਦੀ ਹਕੂਮਤ ਵੱਲੋ ਕੀਤੇ ਕਣਕ ਦੇ ਸਰਕਾਰੀ ਸਮਰਥਨ ਮੁੱਲ ‘ਚ 5 ਰੁ.31 ਪੈਸੇ ਤੋਂ 37 ਰੁ.18 ਪੈਸੇ ਪ੍ਰਤੀ ਕੁਇੰਟਲ ਦੀ ਕਟੌਤੀ ਰੂਪੀ ਆਰਥਿਕ ਹਮਲੇ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ l ਬੇਮੌਸਮੀ ਵਰਖ਼ਾ, ਤੇਜ਼ ਹਨੇਰੀ ਤੇ ਗੜੇਮਾਰੀ ਦੇ ਭੈੜੇ ਵਖਤਾਂ ਅੰਦਰ, ਕਿਸਾਨ ਜੱਥੇਬੰਦੀਆਂ ਦੀ ਮੰਗ ਅਨੁਸਾਰ ਘੱਟੋ-ਘੱਟ 500 ਰੁ. ਕੁਇੰਟਲ ਦਾ ਬੋਨਸ ਦੇਣ ਦੀ ਬਜਾਏ ਕੇਂਦਰ ਸਰਕਾਰ ਨੇ ਉਲਟਾ ਫਸਲੀ ਮੁੱਲ ਕਟੌਤੀ ਰੂਪੀ ਜਜ਼ੀਆ ਮੁੜ ਕੇ, ਪੰਜਾਬ ਸਮੇਤ ਮੁਲਕ ਦੀ ਸੰਕਟਾਂ ਮਾਰੀਂ ਕਿਸਾਨੀ ਦੇ ਜ਼ਖਮਾਂ ‘ਤੇ ਲੂਣ ਛਿੜਕਿਆ ਹੈ, ਜਿਸਦੇ ਸਿੱਟੇ ਵਜੋਂ ਤਿੱਖੀ ਤੇ ਵਿਸ਼ਾਲ ਕਿਸਾਨ ਲਹਿਰ ਦੀ ਉਠਾਣ ਬੱਝੇਗੀ l
ਅੰਤ ‘ਚ ਯੂਨੀਅਨ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਐਲਾਨ ਕੀਤਾ ਕਿ 18 ਅਪ੍ਰੈਲ ਦਿਨ ਮੰਗਲਵਾਰ ਨੂੰ 11 ਵਜ਼ੇ ਚੌਕੀਮਾਨ ਟੋਲ ਪਲਾਜ਼ਾ ਤੋਂ ਵੱਡਾ ਕਿਸਾਨ – ਮਜ਼ਦੂਰ ਕਾਫ਼ਲਾ ਵੱਧ ਚੜ੍ਹ ਕੇ ਰੇਲ ਰੋਕੋ ਜਗਰਾਉਂ ਵਾਸਤੇ ਰਵਾਨਗੀ ਕਰੇਗਾ l
ਅੱਜ ਦੀ ਮੀਟਿੰਗ ‘ਚ ਜਸਵੰਤ ਸਿੰਘ ਮਾਨ, ਅਵਤਾਰ ਸਿੰਘ ਤਾਰ,ਜਥੇਦਾਰ ਗੁਰਮੇਲ ਸਿੰਘ ਢੱਟ, ਸੁਰਜੀਤ ਸਿੰਘ ਸਵੱਦੀ, ਗੁਰਬਖਸ਼ ਸਿੰਘ, ਗੁਰਚਰਨ ਸਿੰਘ, ਚਰਨਜੀਤ ਸਿੰਘ, ਤੇਜਿੰਦਰ ਸਿੰਘ ਬਿਰਕ, ਅਮਰਜੀਤ ਸਿੰਘ ਖੰਜਰਵਾਲ, ਸਾਬਕਾ ਥਾਣੇਦਾਰ ਬਲਵੰਤ ਸਿੰਘ ਢੱਟ, ਮਨਮੋਹਨ ਸਿੰਘ ਪੰਡੋਰੀ, ਡਾ.ਗੁਰਮੇਲ ਸਿੰਘ ਕੁਲਾਰ, ਹਰਚੰਦ ਸਿੰਘ, ਮਲਕੀਤ ਸਿੰਘ, ਹਰਦੇਵ ਸਿੰਘ ਵਿਸੇਸ਼ ਤੌਰ ਤੇ ਹਾਜ਼ਰ ਹੋਏ l