ਭਵਾਨੀਗੜ੍ਹ (ਲਿਕੇਸ ਸ਼ਰਮਾ ) ਭਵਾਨੀਗੜ੍ਹ ਤੋਂ ਨਾਭਾ ਨੂੰ ਜਾਣ ਵਾਲੀ ਮੁੱਖ ਸੜਕ ਦੀ ਬੇਹੱਦ ਖਸਤਾ ਹਾਲਤ ਨੂੰ ਲੈ ਕੇ ਬੀਤੇ ਕੱਲ ਸਥਾਨਕ ਦੁਕਾਨਦਾਰਾਂ ਨੇ ਚਿਹਰੇ ਤੇ ਲਿਫ਼ਾਫ਼ੇ ਪਾ ਕੇ ਸਰਕਾਰ ਖਿਲਾਫ ਸਰਕਾਰ ਰੋਸ ਪ੍ਰਦਰਸ਼ਨ ਕੀਤਾ ਸੀ ਅੱਜ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਦਿਓਲ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਵੱਲੋਂ ਨਾਭਾ ਰੋਡ ਜਾਮ ਕਰ ਕੇ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ।ਇਸ ਮੌਕੇ ਰਣਦੀਪ ਦਿਓਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ, ਲੋਕਾਂ ਨੂੰ ਸਬਜਬਾਗ ਦਿਖਾ ਕੇ ਸੱਤਾ ਵਿੱਚ ਆਈ ਸਰਕਾਰ ਤੋਂ ਸੂਬੇ ਦੇ ਲੋਕਾਂ ਦਾ ਸਿਰਫ ਇੱਕ ਸਾਲ ਬਾਅਦ ਹੀ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਹਲਕਾ ਵਿਧਾਇਕਾ ਭਰਾਜ ‘ਤੇ ਤਿੱਖਾ ਹਮਲਾ ਕਰਦਿਆਂ ਆਖਿਆ ਕਿ ਸੂਬਾ ਸਰਕਾਰ ਅਧੀਨ ਆਉਂਦੀ ਉਕਤ ਨਾਭਾ-ਭਵਾਨੀਗੜ੍ਹ ਰੋਡ ਦੀ ਹਾਲਤ ਵਿਧਾਇਕ ਜਾ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਨਹੀਂ ਸੁਧਾਰੀ ਜਾ ਸਕੀ ਪਰੰਤੂ ਬੜੀ ਹਾਸੋਹੀਣੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਨੈਸ਼ਨਲ ਹਾਈਵੇ ਦੀ ਵਿਵਸਥਾ ਸੁਧਾਰਨ ਦਾ ਡਰਾਮਾ ਕਰ ਰਹੇ ਹਨ। ਦਿਓਲ ਨੇ ਕਿਹਾ ਕਿ ਨਾਭਾ ਰੋਡ ਦਾ ਇੱਕ ਕਿਲੋਮੀਟਰ ਦਾ ਹਿੱਸਾ ਜੋ ਪਿਛਲੇ ਕਾਫੀ ਸਮੇਂ ਤੋਂ ਅਪਣੇ ਆਪ ਤੇ ਹੰਝੂ ਵਹਾ ਰਿਹਾ ਹੈ ਜੋ ਅਤਿ ਤਰਸਯੋਗ ਹਾਲਤ ‘ਚ ਹੈ ਜਿਸ ਕਾਰਨ ਇੱਥੇ ਰਹਿਣ ਜਾਂ ਕਾਰੋਬਾਰ ਕਰਨ ਵਾਲੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਦੇ ਲਈ ਮਜਬੂਰ ਹੋ ਰਹੇ ਹਨ ਪਰੰਤੂ ਦੂਜੇ ਪਾਸੇ ਸਰਕਾਰ ਦੇ ਨੁਮਾਇੰਦੇ ਕਈ ਤਰ੍ਹਾਂ ਦੇ ਢਕਵੰਜ ਰੱਚ ਕੇ ਘਟੀਆ ਸਿਆਸਤ ਦਾ ਸਬੂਤ ਦੇ ਕੇ ਲੋਕਾਂ ‘ਚ ਸ਼ੋਹਰਤਾਂ ਲੁੱਟਣ ਦੀਆਂ ਕੋਸ਼ਿਸ਼ਾਂ ‘ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਰਾਜ ਮਾਰਗਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਕਰ ਸਕਦੀ ਤਾਂ ਇਨ੍ਹਾਂ ਨੂੰ ਕੇਂਦਰ ਅਧੀਨ ਲਿਆਉਣ ਵਿੱਚ ਕੋਈ ਦੇਰੀ ਨਹੀਂ ਕਰਨੀ ਚਾਹੀਦੀ। ਦਿਓਲ ਨੇ ਕਿਹਾ ਕਿ ਜੇਕਰ ਨਾਭਾ ਭਵਾਨੀਗੜ੍ਹ ਰੋਡ ਦੀ ਹਾਲਤ ਜਲਦ ਨਹੀੰ ਸੁਧਾਰੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਅੰਮ੍ਰਿਤਪਾਲ ਸਿੰਘ, ਵਿਕਰਮ ਸਿੰਘ, ਨਰਿੰਦਰ ਕੁਮਾਰ, ਜਰਨੈਲ ਸਿੰਘ, ਪਵਨ ਕੁਮਾਰ, ਗੁਰਜੀਤ ਜਾਖੜ ਆਦਿ ਸਮੇਤ ਵੱਡੀ ਗਿਣਤੀ ਵਿੱਚ ਦੁਕਾਨਦਾਰ ਹਾਜ਼ਰ ਸਨ।