ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ
ਜਲੰਧਰ(ਵਿਕਾਸ ਮਠਾੜੂ)ਜਲੰਧਰ ‘ਚ 10 ਮਈ ਨੂੰ ਹੋਣ ਜਾ ਰਹੀ ਉਪ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਆਏ। ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਕਈ ਕੈਬਨਿਟ ਮੰਤਰੀ, ਵਿਧਾਇਕ, ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਅਤੇ ਵੱਡੀ ਗਿਣਤੀ ‘ਚ ਵਰਕਰਾਂ ਨੇ ਵੀ ਉਨ੍ਹਾਂ ਨਾਲ ਸ਼ਿਰਕਤ ਕੀਤੀ।ਦੋ ਦਿਨ ਪਹਿਲਾਂ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਮਹਿੰਦਰ ਭਗਤ ਵੀ ਰੋਡ ਸ਼ੋਅ ‘ਚ ਪੁੱਜੇ ਹਨ। ਜਿਸ ਕਾਰਨ ਪ੍ਰਸ਼ਾਸਨਿਕ ਕੰਪਲੈਕਸ ਨੂੰ ਜਾਣ ਵਾਲੀਆਂ ਸੜਕਾਂ ਸਵੇਰ ਤੋਂ ਹੀ ਬੰਦ ਹੋ ਗਈਆਂ ਹਨ। ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ। ਪੁਲਿਸ ਨੇ ਪ੍ਰਬੰਧਕੀ ਕੰਪਲੈਕਸ ਦੇ ਨਾਲ ਲੱਗਦੇ ਮਾਸਟਰ ਤਾਰਾ ਸਿੰਘ ਨਗਰ ਤੋਂ ਭਾਰੀ ਵਾਹਨਾਂ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ । ਕਚਰੀ ਚੌਕ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਸਵਾਗਤੀ ਗੇਟ ਅਤੇ ਹਾਰਡਿੰਗ ਲਗਾਏ ਗਏ ਹਨ। ਪੁਲਿਸ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੋਡ ’ਤੇ ਸਥਿਤ ਦੁਕਾਨਦਾਰਾਂ ਨੂੰ ਆਪਣੇ ਸ਼ਟਰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਲਿਸ ਮੁਲਾਜ਼ਮ ਦੁਕਾਨਦਾਰਾਂ ਨੂੰ ਦੁਪਹਿਰ 12 ਵਜੇ ਤੋਂ ਬਾਅਦ ਦੁਕਾਨਾਂ ਖੋਲ੍ਹਣ ਦੀ ਹਦਾਇਤ ਕਰ ਰਹੇ ਹਨ।
ਦੱਸ ਦੇਈਏ ਕਿ ਜਲੰਧਰ ਜ਼ਿਮਨੀ ਚੋਣ ਲਈ ਨਾਮਜ਼ਦਗੀ ਦਾਖਲ ਕਰਨ ਦੀ ਅੰਤਿਮ ਮਿਤੀ 20 ਅਪ੍ਰੈਲ ਹੈ ਤੇ ਹੁਣ ਤਕ 5 ਉਮੀਦਵਾਰਾਂ ਵਲੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਜਾ ਚੁੱਕੇ ਹਨ।
ਸੀਐੱਮ ਮਾਨ ਨੇ ਕਿਹਾ ਕਿ ਉਮੀਦ ਹੈ ਕਿ ਜਲੰਧਰ ਲੋਕ ਸਭਾ ਦੇ ਇਸ ਚੋਣ ‘ਚ ਸਾਡਾ ਮਾਨ ਰੱਖਣਗੇ ਤਾਂ ਕਿ ਅਸੀਂ ਦੁੱਗਣੇ-ਚੁੱਗਣੇ ਹੌਂਸਲੇ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕਰਦੇ ਰਹੀਏ।