ਪੰਚਕੂਲਾ (ਬਿਊਰੋ) ਸਿਰਸਾ ਡੇਰਾ ਮੁਖੀ ਰਾਮ ਰਹੀਮ ਦੀਆਂ ਮੁਸੀਬਤਾਂ ਫਿਰ ਵਧੀਆਂ ਨਜ਼ਰ ਆ ਰਹੀਆਂ ਹਨ, ਬੇਅਦਬੀ ਮਾਮਲਿਆਂ ਵਿੱਚ ਥਾਣਾ ਬਾਜਾਖਾਨਾ ਵਿੱਚ ਉਸ ਖ਼ਿਲਾਫ਼ ਦੋ ਕੇਸ ਦਰਜ ਹੋਏ ਸਨ। ਜਿਨ੍ਹਾਂ ਵਿੱਚ ਐਫਆਈਆਰ 117/15 ਅਤੇ ਐਫਆਈਆਰ 128/15 ਤਹਿਤ ਫਰੀਦਕੋਟ ਦੀ ਅਦਾਲਤ ਵੱਲੋਂ 4 ਮਈ ਲਈ ਡੇਰਾ ਮੁਖੀ ਖ਼ਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ।ਇਸ ਮਾਮਲੇ ਵਿੱਚ ਗਠਿਤ ਐਸਆਈਟੀ ਡੇਰਾ ਮੁਖੀ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ, ਜਿਸ ਕਾਰਨ ਐਸਆਈਟੀ ਨੇ ਮਾਨਯੋਗ ਅਦਾਲਤ ਵਿੱਚ ਅਰਜ਼ੀ ਦੇ ਕੇ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ ਸੀ।ਇਸ ਤੋਂ ਪਹਿਲਾਂ ਐਫਆਈਆਰ 63 ਵਿੱਚ ਡੇਰਾ ਮੁੱਖੀ ਖ਼ਿਲਾਫ਼ ਦੋ ਵਾਰ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਸਨ, ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਬਰਗਾੜੀ ਬੇਅਦਬੀ ਮਾਮਲੇ ‘ਚ ਦੋਸ਼ੀ ਨਾਮਜ਼ਦ ਕਰਨ ਤੋਂ ਬਾਅਦ, 2015 ਦੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ 2 ਮਾਰਚ ਨੂੰ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਦਾ ਦੌਰਾ ਕੀਤਾ ਅਤੇ ਉਸ ਤੋਂ ਪੁੱਛਗਿੱਛ ਕੀਤੀ। ਪੰਜਾਬ ਵਿਧਾਨ ਸਭਾ ਚੋਣਾਂ ਕਾਰਨ ਇਸ ਦੌਰੇ ਨੂੰ ਲੁਕਵਾਂ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ SIT ਨੇ ਰਾਮ ਰਹੀਮ ਤੋਂ 8 ਨਵੰਬਰ ਅਤੇ 12 ਦਸੰਬਰ ਨੂੰ ਸੁਨਾਰੀਆ ਜੇਲ੍ਹ ‘ਚ ਪੁੱਛਗਿੱਛ ਕੀਤੀ ਸੀ।