ਜਗਰਾਉਂ, 17 ਮਾਰਚ ( ਜਗਰੂਪ ਸੋਹੀ )-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐਸਐਸਪੀ ਨਵਨੀਤ ਸਿੰਘ ਬੈਂਸ ਦੇ ਨਿਰਦੇਸ਼ਾਂ ’ਤੇ ਡੀਐਸਪੀ ਜਪਜੋਤ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਜਿਸ ਵਿੱਚ ਥਾਣਾ ਸਿਟੀ, ਥਾਣਾ ਸਦਰ ਦੇ ਇੰਚਾਰਜ, ਸਮੂਹ ਪੁਲਿਸ ਚੌਕੀਆਂ ਦੇ ਇੰਚਾਰਜ ਅਤੇ ਸਟਾਫ਼ ਅਤੇ ਬੀ.ਐਸ.ਐਫ ਦੀਆਂ ਦੋ ਪਲਟਨਾਂ ਦੇ ਮੁਲਾਜ਼ਮਾਂ ਨੇ ਭਾਗ ਲਿਆ। ਪੁਲੀਸ ਲਾਈਨ ਤੋਂ ਫਲੈਗ ਮਾਰਚ ਸ਼ੁਰੂ ਕਰਕੇ ਪੂਰੇ ਸ਼ਹਿਰ ਦਾ ਪੈਦਲ ਚੱਕਰ ਲਾਇਆ ਗਿਆ। ਇਸ ਮੌਕੇ ਡੀਐਸਪੀ ਜਪਜੋਤ ਸਿੰਘ ਨੇ ਦੱਸਿਆ ਕਿ ਇਹ ਫਲੈਗ ਮਾਰਚ ਸ਼ਰਾਰਤੀ ਅਨਸਰਾਂ ਅਤੇ ਅਪਰਾਧੀਆਂ ਤੋਂ ਸੁਚੇਤ ਕਰਨ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਬਰਕਰਾਰ ਰੱਖਣ ਲਈ ਕੱਢਿਆ ਗਿਆ ਹੈ। ਜਿਸ ਨੂੰ ਲੈ ਕੇ ਸ਼ਹਿਰ ਵਿੱਚ ਪੈਦਲ ਮਾਰਚ ਕੱਢਿਆ ਗਿਆ ਅਤੇ ਪਿੰਡਾਂ ਵਿੱਚ ਵਾਹਨਾਂ ’ਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਸੰਵੇਦਨਸ਼ੀਲ ਇਲਾਕਿਆਂ ਵਿੱਚ ਵੀ ਪੁਲੀਸ ਪਾਰਟੀਆਂ ਪੈਦਲ ਫਲੈਗ ਮਾਰਚ ਕੱਢਣਗੀਆਂ। ਉਨ੍ਹਾਂ ਕਿਹਾ ਕਿ ਕਿਸੇ ਵੀ ਅਪਰਾਧੀ ਨੂੰ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਉਣ ਵਾਲੇ ਦਿਨਾਂ ਵਿੱਚ ਵੀ ਲਗਾਤਾਰ ਸਰਚ ਮੁਹਿੰਮ ਚਲਾਈ ਜਾਵੇਗੀ।