Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਲੱਭੋ ਬਈ ਕੋਈ ਅੰਨਾਂ ਹਜਾਰੇ ਨੂੰ

ਨਾਂ ਮੈਂ ਕੋਈ ਝੂਠ ਬੋਲਿਆ..?
ਲੱਭੋ ਬਈ ਕੋਈ ਅੰਨਾਂ ਹਜਾਰੇ ਨੂੰ

48
0


ਅੰਨਾ ਹਜ਼ਾਰੇ ਦਾ ਨਾਮ ਆਉਂਦੇ ਹੀ ਇੱਕ ਮਾਸੂਮ ਤੇ ਭੋਲਾ ਭਾਲਾ ਚਿਹਰਾ ਸਭ ਦੇ ਸਾਹਮਣੇ ਆ ਜਾਂਦਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਾਲ ਪਹਿਲਾਂ ਦਿੱਲੀ ਵਿੱਚ ਅੰਨਾਂ ਹਜਾਰੇ ਵਲੋਂ ਇਕ ਜਨ ਅੰਦੋਲਨ ਦੇਸ਼ ਦੇ ਅਹਿਮ ਮੁੱਦਿਆਂ ਨੂੰ ਲੈ ਕੇ ਕੀਤਾ ਗਿਆ ਸੀ। ਉਸਦੇ ਅੰਦੋਲਨ ਸਮੇਂ ਇੱਕ ਵੱਡੀ ਲਹਿਰ ਚੱਲੀ ਸੀ। ਉਸ ਅੰਦੋਲਨ ਨੇ ਕਾਂਗਰਸ ਦੇ ਦਿੱਲੀ ਸਾਮਰਾਜ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ ਸਨ ਅਤੇ ਭਾਜਪਾ ਨੂੰ ਸੱਤਾ ’ਚ ਆਉਣ ਲਈ ਜ਼ਮੀਨ ਤਿਆਰ ਕਰ ਦਿੱਤੀ ਸੀ। ਉਸ ਸਮੇਂ ਅੰਨਾ ਹਜ਼ਾਰੇ ਨੇ ਦੇਸ਼ ’ਚ ਲੋਕਪਾਲ ਬਿੱਲ ਲਿਆਉਣ, ਮਹਿੰਗਾਈ, ਭ੍ਰਿਸ਼ਟਾਚਾਰ, ਬੇ ਰੁਜਗਾਰੀ ਸਮੇਤ ਹੋਰ ਕਈ ਵੱਡੇ ਮੁੱਦਿਆਂ ’ਤੇ ਅੰਦੋਲਨ ਸ਼ੁਰੂ ਕੀਤਾ ਸੀ। ਜਿਸ ਨੂੰ ਦੇਸ਼ ਭਰ ਦੇ ਬੁੱਧੀਜੀਵੀਆਂ ਨੇ ਖੁੱਲ੍ਹ ਕੇ ਸਮਰਥਨ ਦਿੱਤਾ ਅਤੇ ਅੰਨਾ ਹਜ਼ਾਰੇ ਦਾ ਅੰਦੋਲਨ ਇਤਿਹਾਸਕ ਹੋ ਨਿਬੜਿਆ। ਉਸੇ ਅੰਨਾ ਹਜ਼ਾਰੇ ਦੇ ਅੰਦੋਲਨ ਵਿਚੋਂ ਹੀ ਆਮ ਆਦਮੀ ਪਾਰਟੀ ਦਾ ਜਨਮ ਹੋਇਆ। ਜਿਸ ਨੇ ਦਿੱਲੀ ’ਚ ਲਗਾਤਾਰ ਰਾਜ ਕਰਨ ਤੋਂ ਬਾਅਦ ਪੰਜਾਬ ’ਚ ਸੱਤਾ ਸੰਭਾਲੀ ਹੈ ਅਤੇ ਦੇਸ਼ ਦੇ ਹੋਰਨਾ ਸੂਬਿਆਂ ਵਿਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿਤੇ ਹਨ। ਜਿਨ੍ਹਾਂ ਮੁੱਦਿਆਂ ’ਤੇ ਅੰਨਾ ਹਜ਼ਾਰੇ ਨੇ ਉਸ ਸਮੇਂ ਅੰਦੋਲਨ ਕੀਤਾ ਸੀ ਉਬ ਮੁੱਦੇ ਉਸ ਸਮੇਂ ਵੀ ਹਲ ਨਹੀਂ ਸਨ ਹੋਏ ਅਤੇ ਅੰਦੋਲਨ ਕਾਰਨ ਸੱਤਾ ਤੋਂ ਬੇਦਖਲ ਹੋਈ ਕਾਂਗਰਸ ਤੋਂ ਬਾਅਦ ਸੱਤਾ ਸੰਭਾਲਨ ਵਾਲੀ ਭਾਜਪਾ ਦੇ ਸਾਸ਼ਨ ਵਿਚ ਵੀ ਉਹ ਸਾਰੇ ਮੁੱਦੇ ਉਸੇ ਤਰ੍ਹਾਂ ਨਾਲ ਸਾਹਮਣੇ ਖੜੇ ਹਨ ਪਰ ਅੰਨਾਂ ਹਜਾਰੇ ਗਾਇਬ ਹੋ ਗਿਆ। ਬੀ.ਜੇ.ਪੀ. ਦੇ ਸ਼ਾਸਨ ਦੌਰਾਨ ਵੀ ਨਾ ਤਾਂ ਲੋਕਪਾਲ ਬਿੱਲ ਆਇਆ, ਨਾ ਹੀ ਮਹਿੰਗਾਈ ਘਟੀ, ਨਾ ਹੀ ਭ੍ਰਿਸ਼ਟਾਚਾਰ ਘਟਿਆ ਅਤੇ ਹੋਰ ਮੁੱਦੇ ਵੀ ਉਥੇ ਹੀ ਖੜੇ ਹਨ ਬਲਕਿ ਹੁਣ ਮਹਿੰਗਾਈ ਅਤੇ ਬੇਰੁਜ਼ਗਾਰੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਅਜਿਹੇ ’ਚ ਆਪਣੇ ਜਬਰਦਸਤ ਅੰਦੋਲਨ ਨਾਲ ਕਾਂਗਰਸ ਨੂੰ ਸੱਤਾ ਤੋਂ ਬੇ ਦਖਲ ਕਰਕੇ ਭਾਜਪਾ ਦੇ ਸਿਰ ਤੇ ਤਾਜ ਪਹਿਨਾਉਣ ਵਾਲੇ ਅੰਨਾਂ ਹਜਾਰੇ ਹੁਣ ਅਰਧ ਬੇਹੋਸ਼ਈ ਦੀ ਹਾਲਤ ਵਿਚ ਚਲੇ ਗਏ ਹਨ। ਜਿਸਨੂੰ ਇਹ ਸੁਧ ਬੁਧ ਹੀ ਨਾ ਹੋਵੇ ਕਿ ਦੇਸ਼ ਵਿਚ ਕੀ ਹੋ ਰਿਹਾ ਹੈ। ਦੇਸ਼ ਵਿਚ ਹਾਲਾਤ ਹੁਣ ਉਸਦੇ ਅੰਦੋਲਨ ਦੇ ਸਮੇਂ ਤੋਂ ਬਦਤਰ ਹੋ ਗਈ ਹੈ। ਜੋ ਅੰਨਾ ਹਜ਼ਾਰੇ ਨੂੰ ਨਜ਼ਰ ਨਹੀਂ ਆ ਰਿਹਾ ਹੈ। ਅੰਨਾ ਹਜ਼ਾਰੇ ਅਤੇ ਬਾਬਾ ਰਾਮਦੇਵ ਜਨਤਕ ਤੌਰ ’ਤੇ ਅਤੇ ਟੀਵੀ ਰਾਹੀਂ ਪ੍ਰਚਾਰ ਕਰਦੇ ਸਨ ਕਿ ਜੇਕਰ ਦੇਸ਼ ’ਚ ਸਰਕਾਰ ਬਦਲਦੀ ਹੈ ਤਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 40 ਰੁਪਏ ਤੱਕ ਹੇਠਾਂ ਆ ਜਾਣਗੀਆਂ, ਘਰੇਲੂ ਗੈਸ ਦੀਆਂ ਕੀਮਤਾਂ ਹੇਠਾਂ ਆ ਜਾਣਗੀਆਂ, ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ। ਕਰੋੜਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਜੇਕਰ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਫਿਰ ਤੋਂ ਵੱਡਾ ਅੰਦੋਲਨ ਕਰਾਂਗੇ। ਹੁਣ ਇਨ੍ਹਾਂ ਦੋ ਮਹਾਰਥੀਆਂ ਦੀਆਂ ਅੱਖਾਂ ਤੇ ਨਾ ਦਿਖਣ ਵਾਲੇ ਚਸ਼ਮੇਂ ਲੱਗ ਗਏ, ਕੰਨਾਂ ’ਚ ਰੂੰ ਪਾ ਲਈ ਅਤੇ ਬੁੱਲ੍ਹ ਸਿਉਂ ਲਏ ਹਨ। ਬਾਬਾ ਰਾਮਦੇਵ ਨੂੰ ਮੀਡੀਆ ਵੱਲੋਂ ਇਕ-ਦੋ ਥਾਵਾਂ ’ਤੇ ਇਸ ਸੰਬਧ ਵਿਚ ਸਵਾਲ ਵੀ ਕੀਤੇ ਗਏ ਪਰ ਬਾਬਾ ਜਵਾਬ ਦੇਣ ਦੀ ਬਜਾਏ ਉਲਟਾ ਉਨ੍ਹਾਂ ਦੇ ਹੀ ਗਲ ਪੈ ਗਿਆ। ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਹੁਣ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਇਨ੍ਹਾਂ ਮਹਾਂ ਪੁਰਖਾਂ ਨੂੰ ਪ੍ਰਕਟ ਹੋ ਜਾਣਾ ਚਾਹੀਦਾ ਸੀ। ਜਿਸ ’ਤੇ ਭਰੋਸਾ ਕਰਕੇ ਦੇਸ਼ ਵਾਸੀਆਂ ਨੇ ਸੱਤਾ ’ਚ ਵੱਡੀ ਤਬਦੀਲੀ ਕੀਤੀ ਸੀ, ਦੇਸ਼ ਵਾਸੀ ਉਸ ਨੂੰ ਲੱਭ ਰਹੇ ਹਨ। ਅੰਨਾ ਹਜ਼ਾਰੇ ਜੀ ਹੁਣ ਘੁਰਨੇ ਵਿਚੋਂ ਬਾਹਰ ਨਿਕਲੋ ਅਤੇ ਚੁੱਪੀ ਤੋੜੋ। ਦੇਸ਼ ਵਾਸੀਆਂ ਲਈ ਇਕ ਵਾਰ ਫਿਰ ਤੋਂ ਉਸੇ ਤਰ੍ਹਾਂ ਅੰਦੋਲਨ ਸ਼ੁਰੂ ਕਰ ਦਿਓ। ਸੱਚ ਜਾਣਿਓ ਲੋਕ ਤਾਂ ਅਨਭੋਲ ਹਨ ਸਭ ਭੁੱਲ ਜਾਂਦੇ ਹਨ। ਤੁਹਾਨੂੰ ਫਿਰ ਤੋਂ ਸਮਰਥਨ ਦੇਣ ਲਈ ਸੜਕਾਂ ਤੇ ਆ ਜਾਣਗੇ। ਫਿਰ ਤੋਂ ਅੰਦੋਲਨ ਸ਼ੁਰੂ ਕਰ ਦਿਓ ਤਾਂ ਕਿ ਦੇਸ਼ ਵਾਸੀਆਂ ਨੂੰ ਕੁਝ ਰਾਹਤ ਮਿਲ ਸਕੇ। ਅਜਿਹਾ ਕਰਕੇ ਆਪਣੇ ਤੇ ਵਿਸੇਸ਼ ਸੱਤਾਧਾਰੀ ਪਾਰਟੀ ਨਾਲ ਮਿਲੀਭੁਗਤ ਕਰਕੇ ਅੰਦੋਲਨ ਵਾਲਾ ਡਰਾਮਾ ਰਚਣ ਦੇ ਜੋ ਦੋਸ਼ ਲੱਗ ਰਹੇ ਹਨ ਉਨ੍ਹਾਂ ਨੂੰ ਧੋ ਦਿਓ। ਲੋਕ ਕਹਿੰਦੇ ਹਨ ਕਿ ਤੁਸੀਂ ਉਸ ਅੰਦੋਲਨ ਦਾ ਡਰਾਮਾ ਇੱਕ ਸੱਤਾਧਾਰੀ ਪਾਰਟੀ ਦੇ ਕਹਿਣ ਤੇ ਹੀ ਕੀਤਾ ਸੀ ਅਤੇ ਉਸ ਅੰਦੋਲਨ ਦੀ ਕਾਮਯਾਬੀ ਪਿੱਛੇ ਉਸੇ ਸਿਆਸੀ ਪਾਰਟੀ ਦਾ ਇੱਕ ਵੱਡਾ ਹੱਥ ਸੀ। ਜੇਕਰ ਤੁਸੀਂ ਮੰਨਦੇ ਹੋ ਕਿ ਅਜਿਹਾ ਨਹੀਂ ਸੀ ਤਾਂ ਹੁਣ ਤੱਕ ਤੁਹਾਡੀ ਚੁੱਪ ਦਾ ਕੀ ਕਾਰਨ ਹੈ ? ਕੀ ਤੁਹਾਨੂੰ ਹੁਣ ਦੇਸ਼ ਵਿਚ ਕੁਝ ਵੀ ਗਲਤ ਨਹੀਂ ਲੱਗ ਰਿਹਾ ? ਕੀ ਤੁਹਾਡੇ ਅੰਦੋਲਨ ਵੇਲੇ ਜੋ ਤੁਹਾਡੀਆਂ ਮੰਗਾਂ ਸਨ ਉਹ ਸਭ ਪ੍ਰਵਾਨ ਹੋ ਗਈਆਂ ਹਨ। ਕੀ ਪੈਟਰੋਲ, ਡੀਜਲ, ਗੈਸ ਦੀਆਂ ਕੀਮਤਾਂ ਹੇਠਾਂ ਆ ਗਈਆਂ, ਕੀ ਲੋਕ ਪਾਲ ਬਿਲ ਲਾਗੂ ਹੋ ਗਿਆ ? ਕੀ ਬੇਰੁਜਗਾਰੀ ਦੂਰ ਹੋ ਗਈ ਹੈ ? ਜੇਕਰ ਨਹੀਂ ਤਾਂ ਸੱਤਾਧਾਰੀ ਸਿਆਸੀ ਪਾਰਟੀ ਦੇ ਖਿਲਾਫ ਆਪਣਾ ਮੂੰਹ ਖੋਲ੍ਹਣ ਦੀ ਹਿੰਮਤ ਦਿਖਾਓ। ਜਾਂ ਹੁਣ ਉਹ ਪਹਿਲਾਂ ਵਾਲੀ ਜੁਰਅੱਤ ਨਹੀਂ ਰਹੀ। ਇਨ੍ਹਾਂ ਸਭ ਸਵਾਲਾ ੰਦਾ ਜਵਾਬ ਦੇਸ਼ ਵਾਸੀ ਮੰਗਦੇ ਹਨ। ਦੇਸ਼ ਵਾਸੀ ਹੁਣ ਤੁਹਾਡੀ ਉਡੀਕ ਕਰ ਰਹੇ ਹਨ ਕਿ ਹੋ ਸਕਦਾ ਹੈ ਕਿ ਅੰਨਾ ਹਜ਼ਾਰੇ ਅਤੇ ਰਾਮਦੇਵ ਫਿਰ ਤੋਂ ਸਾਹਮਣੇ ਆ ਜਾਣ। ਪਰ ਰਾਮਦੇਵ ਤਾਂ ਇਕ ਸਫਲ ਵਪਾਰੀ ਹੈ। ਬਾਬੇ ਨੇ ਜੋ ਕਾਰੋਬਾਰ ਕਾਇਮ ਕੀਤਾ ਹੈ, ਉਸ ਦੀ ਮਿਸਾਲ ਕਿਤੇ ਨਹੀਂ ਮਿਲਦੀ। ਪਰ ਇਹ ਗੱਲ ਪੱਕੀ ਹੈ ਕਿ ਜੇਕਰ ਤੁਸੀਂ ਅਜੇ ਵੀ ਨਾ ਬੋਲੇ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਦੇਸ਼ ਵਾਸੀ ਤੁਹਾਡੇ ’ਤੇ ਭਰੋਸਾ ਨਹੀਂ ਕਰੇਗਾ ਅਤੇ ਜੋ ਕੋਈ ਹੋਰ ਵੀ ਤੁਹਾਡੇ ਵਰਗਾ ਇਸ ਤਰ੍ਹਾਂ ਮੌਕਾਪ੍ਰਸਤੀ ਕਰੇਗਾ ਉਸਤੇ ਵੀ ਲੋਕ ਯਕੀਨ ਨਹੀਂ ਕਰਨਗੇ। ਇਸ ਲਈ ਤੁਹਾਡੇ ਕੋਲ ਹੁਣ ਵੀ ਮੌਕਾ ਹੈ, ਬਾਹਰ ਆ ਕੇ ਲੋਕਾਂ ਦਾ ਸਾਹਮਣਾ ਕਰੋ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here