ਸੁਧਾਰ, 9 ਅਪ੍ਰੈਲ ( ਜਸਵੀਰ ਹੇਰਾਂ )-ਥਾਣਾ ਸੁਧਾਰ ਅਧੀਨ ਪੈਂਦੇ ਇੱਕ ਪਿੰਡ ਦਾ 4 ਬੱਚਿਆਂ ਦਾ ਪਿਓ 17 ਸਾਲਾ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਵਰਗਲਾ ਕੇ ਲੈ ਗਿਆ। ਲੜਕੀ ਦੀ ਮਾਂ ਦੇ ਬਿਆਨਾਂ ’ਤੇ ਚਮਕੌਰ ਸਿੰਘ ਉਰਫ਼ ਸੋਨੂੰ ਖ਼ਿਲਾਫ਼ ਥਾਣਾ ਸੁਧਾਰ ’ਚ ਕੇਸ ਦਰਜ ਕਰ ਲਿਆ ਗਿਆ। ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਲੜਕੀ ਦੀ ਮਾਂ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਸ ਦੀ ਲੜਕੀ ਦੀ ਉਮਰ 17 ਸਾਲ ਹੈ। ਜਿਸਨੂੰ ਚਮਕੌਰ ਸਿੰਘ ਉਰਫ ਸੋਨੂੰ ਅਤੇ ਸਤਨਾਮ ਸਿੰਘ ਪਹਿਲਾਂ ਵੀ ਅਪਰੈਲ 2021 ਵਿੱਚ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਏ ਸਨ। ਜਿਸ ਦੇ ਸਬੰਧ ਵਿੱਚ ਥਾਣਾ ਸੁਧਾਰ ਵਿਖੇ ਅਪ੍ਰੈਲ 2021 ਨੂੰ ਧਾਰਾ 363,366 ਅਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਸ ਤੋਂ ਬਾਅਦ ਸਾਡੀ ਲੜਕੀ ਨੇ ਦੱਸਿਆ ਕਿ ਉਹ ਆਪਣੀ ਮਰਜ਼ੀ ਨਾਲ ਦੋਵਾਂ ਨਾਲ ਗਈ ਸੀ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਵਾਪਸ ਪਰਤ ਆਈ ਸੀ। ਦੋਵਾਂ ਨੇ ਉਸ ਨਾਲ ਕੋਈ ਗਲਤ ਕੰਮ ਨਹੀਂ ਕੀਤਾ। ਜਿਸ ’ਤੇ ਅਸੀਂ ਆਪਣੀ ਲੜਕੀ ਵੱਲੋਂ ਦਰਜ ਕਰਵਾਇਆ ਕੇਸ ਰੱਦ ਕਰਵਾਉਣ ਲਈ ਥਾਣੇ ’ਚ ਬਿਆਨ ਦਰਜ ਕਰਵਾਏ ਸਨ। ਪਰ ਹੁਣ ਉਸ ਤੋਂ ਬਾਅਦ ਫਿਰ ਚਮਕੌਰ ਸਿੰਘ ਉਰਫ ਸੋਨੂੰ ਜੋ ਕਿ ਸ਼ਾਦੀਸ਼ੁਦਾ ਹੈ ਅਤੇ 4 ਬੱਚਿਆਂ ਦਾ ਪਿਤਾ ਹੈ, ਸਾਡੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ। ਜਿਸ ’ਤੇ ਚਮਕੌਰ ਸਿੰਘ ਖ਼ਿਲਾਫ਼ ਥਾਣਾ ਸੁਧਾਰ ਦਾ ਕੇਸ ਦਰਜ ਕੀਤਾ ਗਿਆ।