ਰਾਏਕੋਟ, 9 ਅਪ੍ਰੈਲ ( ਬੌਬੀ ਸਹਿਜਲ, ਅਸ਼ਵਨੀ )- ਮਾਮੂਲੀ ਤਕਰਾਰ ਤੋਂ ਬਾਅਦ ਕਾਤਲਾਨਾ ਹਮਲਾ ਕਰਨ ਦੇ ਦੋਸ਼ ’ਚ ਥਾਣਾ ਸਿਟੀ ਰਾਏਕੋਟ ਵਿਖੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਲਜਿੰਦਰ ਸਿੰਘ ਵਾਸੀ ਪਿੰਡ ਰਾਜਗੜ੍ਹ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਬੀਤੀ 8 ਅਪ੍ਰੈਲ ਨੂੰ ਵੇਅਰ ਹਾਊਸ ਰਾਏਕੋਟ ਦੇ ਗੋਦਾਮ ’ਚ ਸਪੈਸ਼ਲ ਲਗੀ ਹੋਈ ਸੀ। ਡਰਾਈਵਰਾਂ ਨੂੰ ਮਾਲ ਦੀ ਢੋਆ-ਢੁਆਈ ਲਈ ਡਾਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਪਰ ਮਜ਼ਦੂਰ ਅਤੇ ਠੇਕੇਦਾਰ ਜ਼ਬਰਦਸਤੀ ਡਾਲਾ ਮੰਗ ਰਹੇ ਸਨ। ਜਿਸ ’ਤੇ ਬਿੰਦਰਜੀਤ ਦੇ ਡਰਾਈਵਰਾਂ ਨੇ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਜਿਸ ’ਤੇ ਮੈਂ ਬਿੰਦਰਜੀਤ ਸਿੰਘ ਨੂੰ ਨਾਲ ਲੈ ਕੇ ਕਾਰ ’ਚ ਜੋਤੀ ਸਿੰਘ ਵਾਸੀ ਰਾਏਕੋਟ ਦੇ ਗੋਦਾਮ ਦੇ ਗੋਦਾਮ ’ਤੇ ਪਹੁੰਚੇ। ਉਥੇ ਜਗਪ੍ਰੀਤ ਸਿੰਘ ਉਰਫ ਜੱਗੂ ਵਾਸੀ ਪਿੰਡ ਨੱਥੋਵਾਲ, ਗੁਰਪ੍ਰੀਤ ਸਿੰਘ ਉਰਫ ਦੀਪੀ ਨੰਬਰਦਾਰ ਵਾਸੀ ਰਾਏਕੋਟ ਅਤੇ ਜੀਤਾ ਵਾਸੀ ਤਾਜਪੁਰ ਖੜ੍ਹੇ ਸਨ। ਜਿਨਾਂ ਪਾਸ ਬੇਸਬਾਲ ਆਦਿ ਸਨ। ਜਦੋਂ ਅਸੀਂ ਗੋਦਾਮ ਦੇ ਗੇਟ ਕੋਲ ਕਾਰ ਵਿੱਚੋਂ ਉਤਰੇ ਤਾਂ ਜਗਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਉਰਫ਼ ਦੀਪੀ ਸਾਹਮਣੇ ਆ ਗਏ ਅਤੇ ਬਿੰਦਰਜੀਤ ਸਿੰਘ ਨਾਲ ਝਗੜਾ ਕਰਨ ਲੱਗੇ। ਜਦੋਂ ਮੈਂ ਉਸ ਨੂੰ ਛੁਡਾਉਣ ਲਈ ਅੱਗੇ ਵਧਿਆ ਤਾਂ ਜਗਪ੍ਰੀਤ ਸਿੰਘ ਨੇ ਲਲਕਾਰਾ ਮਾਰਦੇ ਹੋਏ ਕਿਹਾ ਕਿ ਪਹਿਲਾਂ ਇਸਨੂੰ ਹੀ ਸਬਕ ਸਿਖਾਓ। ਇਸੇ ਦੌਰਾਨ ਪਿੰਡ ਤਾਜਪੁਰ ਦੇ ਰਹਿਣ ਵਾਲੇ ਜੀਤਾ ਸਿੰਘ ਨੇ ਹੱਥ ਵਿੱਚ ਫੜੀ ਬੇਸਬਾਲ ਨਾਲ ਮੈਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਸਿਰ ਵਿੱਚ ਵਾਰ ਕਰ ਦਿੱਤਾ। ਜਦੋਂ ਮੈਂ ਰੌਲਾ ਪਾਇਆ ਤਾਂ ਇਹ ਲੋਕ ਧਮਕੀਆਂ ਦਿੰਦੇ ਹੋਏ ਭੱਜ ਗਏ। ਇਸ ਦੀ ਵਜਹ ਰੰਜਿਸ਼ ਇਹ ਸੀ ਕਿ ਡਰਾਈਵਰ ਵਲੋਂ ਡਾਲਾ ਦੇਣ ਤੋਂ ਮਨਾਂ ਕਰਨ ਤੇ ਉਨ੍ਹਾਂ ਨੇ ਲੇਬਰ ਅਤੇ ਠੇਕੇਦਾਰ ਅਮਨਦੀਪ ਸਿੰਘ ਵਾਸੀ ਪਿੰਡ ਬੱਦੋਵਾਲ ਦੀ ਸ਼ਹਿ ਤੇ ਸਾਡੇ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਬਲਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਜਗਪ੍ਰੀਤ ਸਿੰਘ ਉਰਫ ਜੱਗੂ ਵਾਸੀ ਨੱਥੋਵਾਲ, ਗੁਰਦੀਪ ਸਿੰਘ ਉਰਫ ਦੀਪੀ ਨੰਬਰਦਾਰ ਵਾਸੀ ਰਾਏਕੋਟ, ਜੀਤਾ ਸਿੰਘ ਵਾਸੀ ਤਾਜਪੁਰ ਅਤੇ ਠੇਕੇਦਾਰ ਅਮਨਦੀਪ ਸਿੰਘ ਗਰੇਵਾਲ ਵਾਸੀ ਬੱਦੋਵਾਲ ਖਿਲਾਫ ਥਾਣਾ ਸਦਰ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।