ਰਾਏਰੋਟ, 9 ਅਪ੍ਰੈਲ ( ਜਸਵੀਰ ਹੇਰਾਂ )-ਥਾਣਾ ਸਿਟੀ ਅਤੇ ਸਦਰ ਰਾਏਕੋਟ ਦੀ ਪੁਲਿਸ ਪਾਰਟੀਆਂ ਵਲੋਂ ਤਿੰਨ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਪਾਸੋਂ 415 ਨਸ਼ੀਲੀਆਂ ਗੋਲੀਆਂ ਅਤੇ 2 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਏ.ਐੱਸ.ਆਈ ਸੁਰਿੰਦਰ ਸਿੰਘ ਅਤੇ ਪੁਲਸ ਪਾਰਟੀ ਬੱਸ ਅੱਡਾ ਬੱਸੀਆ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਹੈਰੋਇਨ (ਚਿੱਟਾ) ਅਤੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੇ ਹਨ। ਇਹ ਦੋਵੇਂ ਵਿਅਕਤੀ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਲੈ ਕੇ ਆਪਣੇ ਮੋਟਰਸਾਈਕਲ ਪਲਸਰ ’ਤੇ ਰਾਏਕੋਟ ਤੋਂ ਸਾਹਿਬਾਜਪੁਰਾ ਹੁੰਦੇ ਹੋਏ ਜਲਾਲਦੀਵਾਲ ਵੱਲ ਆ ਰਹੇ ਹਨ। ਇਸ ਸੂਚਨਾ ’ਤੇ ਖੇਡ ਸਟੇਡੀਅਮ ਪਿੰਡ ਰਾਜਗੜ੍ਹ ਵਿਖੇ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋਵਾਂ ਨੂੰ 215 ਨਸ਼ੀਲੀਆਂ ਗੋਲੀਆਂ ਅਤੇ 2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਅਤੇ ਏਐਸਆਈ ਅਲਬੇਲ ਸਿੰਘ ਪੁਲੀਸ ਪਾਰਟੀ ਸਮੇਤ ਚੈਕਿੰਗ ਲਈ ਗਸ਼ਤ ’ਤੇ ਸਨ। ਇਸ ਦੌਰਾਨ ਸੂਚਨਾ ਮਿਲੀ ਕਿ ਗੁਰਜਿੰਦਰ ਸਿੰਘ ਉਰਫ ਗੋਵਿੰਦਾ ਜੋ ਕਿ ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ ਅਤੇ ਸ਼ਹਿਰ ਅਤੇ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਵਾਲੀਆਂ ਗੋਲੀਆਂ ਵੇਚਦਾ ਹੈ। ਉਹ ਜੀ.ਟੀ ਰੋਡ ’ਤੇ ਪਿੰਡ ਦੱਦਾਹੂਰ ਵਾਲੇ ਪਾਸੇ ਤੋਂ ਰਾਏਕੋਟ ਵੱਲ ਆ ਰਹੇ ਹਨ। ਇਸ ਸਬੰਧੀ ਸੂਚਨਾ ਮਿਲਣ ’ਤੇ ਗੁਰਜਿੰਦਰ ਸਿੰਘ ਉਰਫ ਗੋਵਿੰਦਾ ਵਾਸੀ ਬਾਲਮੀਕ ਮੰਦਰ ਗੁਰੂ ਨਾਨਕ ਪੁਰਾ ਮੁਹੱਲਾ ਰਾਏਕੋਟ ਨੂੰ ਟੀ ਪੁਆਇੰਟ ਜਲਾਲਦੀਵਾਲ ਵਿਖੇ ਨਾਕਾਬੰਦੀ ਕਰਕੇ 200 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਗੁਰਪ੍ਰੀਤ ਸਿੰਘ ਉਰਫ ਗੋਪੀ ਦਾ ਨਾਂ ਵੀ ਸਾਹਮਣੇ ਆਇਆ, ਜਿਸ ਨੂੰ ਇਸ ਮਾਮਲੇ ’ਚ ਨਾਮਜ਼ਦ ਕੀਤਾ ਗਿਆ।