ਭਲਾਈਆਣਾ ਦੇ ਮ੍ਰਿਤਕ ਕਿਸਾਨ ਦੇ ਫਸਲ ਦੀ ਗਿਰਦਾਵਰੀ 1 ਅਪ੍ਰੈਲ ਨੂੰ ਹੀ ਹੋ ਚੁੱਕੀ ਸੀ
ਸ੍ਰੀ ਮੁਕਤਸਰ ਸਾਹਿਬ,10 ਅਪ੍ਰੈਲ (ਰਾਜੇਸ਼ ਜੈਨ – ਰਾਜ਼ਨ ਜੈਨ) : ਵਿਨੀਤ ਕੁਮਾਰ, ਆਈ.ਏ.ਐਸ, ਡਿਪਟੀ ਕਮਿਸ਼ਨਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿੱਦੜਬਾਹਾ ਵਿਖੇ ਅੱਜ ਫ਼ਸਲਾਂ ਦੇ ਖਰਾਬੇ ਸਬੰਧੀ ਗਿਰਦਾਵਰੀ ਦਾ ਕੰਮ 100 ਪ੍ਰਤੀਸ਼ਤ ਮੁਕੰਮਲ ਹੋ ਗਿਆ ਹੈ ਅਤੇ ਪਿੰਡ ਭਲਾਈਆਣਾ ਵਿਖੇ ਇਹ ਗਿਰਦਾਵਰੀ 1 ਅਪ੍ਰੈਲ ਨੂੰ ਹੀ ਮੁਕੰਮਲ ਹੋ ਗਈ ਸੀ।ਡਿਪਟੀ ਕਮਿਸ਼ਨਰ ਨੇ ਮੀਡੀਆ ਵਿੱਚ ਭਲਾਈਆਣਾ ਦੇ ਮ੍ਰਿਤਕ ਕਿਸਾਨ ਸਾਧੂ ਸਿੰਘ ਸਬੰਧੀ ਛਪੀ ਖਬਰ ਬਾਰੇ ਦੱਸਿਆ ਕਿ ਇਸ ਪਿੰਡ ਵਿੱਚ ਫ਼ਸਲਾਂ ਦੇ ਖਰਾਬੇ ਸਬੰਧੀ ਗਿਰਦਾਵਰੀ 1 ਅਪ੍ਰੈਲ ਨੂੰ ਹੀ ਮੁਕੰਮਲ ਹੋ ਚੁੱਕੀ ਸੀ ਅਤੇ ਇਹ ਕਥਨ ਕਿ ਇਸ ਕਿਸਾਨ ਦੇ ਫਸਲ ਦੀ ਗਿਰਦਾਵਰੀ ਨਹੀਂ ਹੋਈ ਸੀ, ਤੱਥਾਂ ਤੋਂ ਰਹਿਤ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 76 ਪ੍ਰਤੀਸ਼ਤ ਤੋਂ 100 ਪ੍ਰਤੀਸ਼ਤ ਖਰਾਬੇ ਵਾਲੀ ਫ਼ਸਲ ਦਾ ਮੁਆਵਜਾ 12 ਹਜ਼ਾਰ ਪ੍ਰਤੀ ਏਕੜ ਤੋਂ ਵਧਾ ਕੇ 15 ਹਜ਼ਾਰ ਪ੍ਰਤੀ ਏਕੜ ਕਰ ਦਿੱਤਾ ਗਿਆ ਹੈ।ਇਸ ਸਬੰਧੀ ਐਸ.ਡੀ.ਐਮ. ਗਿੱਦੜਬਾਹਾ ਸ੍ਰੀਮਤੀ ਸਰੋਜ ਰਾਣੀ ਨੇ ਦੱਸਿਆ ਕਿ ਇਹ ਮੁਆਵਜ਼ਾ 13 ਅਪ੍ਰੈਲ ਤੋਂ ਕਿਸਾਨਾਂ ਨੂੰ ਮਿਲਣ ਦੀ ਪੂਰੀ-ਪੂਰੀ ਸੰਭਾਵਨਾ ਹੈ।ਉਨ੍ਹਾਂ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕੇ ਸਹਾਇਕ ਕਮਿਸ਼ਨਰ,ਮੁਕਤਸਰ ਸਾਹਿਬ ਤੇ ਸਰਕਲ ਮਾਲ ਅਫ਼ਸਰ ਵੱਲੋਂ ਭਾਰੀ ਝੱਖੜ ਅਤੇ ਬਾਰਿਸ਼ ਤੋਂ ਬਾਅਦ 24 ਮਾਰਚ ਨੂੰ ਪਿੰਡ ਭਲਾਈਆਣਾ ਵਿਖੇ ਫਸਲਾਂ ਦੇ ਖਰਾਬੇ ਸਬੰਧੀ ਪੂਰਨ ਤੌਰ ਤੇ ਜਾਇਜ਼ਾ ਲਿਆ ਗਿਆ ਸੀ। ਇਸ ਸਬੰਧੀ ਉਨ੍ਹਾਂ ਹਲਕਾ ਪਟਵਾਰੀ ਨੂੰ ਵੀ ਨਿਰਦੇਸ਼ ਜਾਰੀ ਕੀਤੇ ਜਿਸ ਉਪਰੰਤ ਮਾਲ ਵਿਭਾਗ ਵਿੱਚ ਮ੍ਰਿਤਕ ਕਿਸਾਨ ਦੇ ਨਾਲ-ਨਾਲ ਬਾਕੀ ਦੇ ਵੀ ਕਿਸਾਨਾਂ ਦੇ ਖਰਾਬੇ ਸਬੰਧੀ ਰਿਕਾਰਡ ਦਰਜ ਕੀਤਾ ਗਿਆ।