ਮੋਗਾ, 10 ਅਪ੍ਰੈਲ ( ਅਸ਼ਵਨੀ) -ਸਿਵਲ ਸਰਜਨ ਮੋਗਾ ਦੇ ਆਦੇਸ਼ਾਂ ਅਤੇ ਸਿਵਲ ਹਸਪਤਾਲ ਮੋਗਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਪ੍ਰੀਤ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦੇ ਤਹਿਤ ਗਰਭਵਤੀ ਮਹਿਲਾਵਾਂ ਦੀ ਮੁਫ਼ਤ ਜਾਂਚ ਕੀਤੀ ਗਈ। ਇਸ ਮੌਕੇ ਗਰਭਵਤੀ ਮਹਿਲਾਵਾਂ ਨੂੰ ਮਾਹਿਰਾਂ ਵੱਲੋਂ ਸਤੁੰਲਤ ਆਹਾਰ ਦੀ ਮਹੱਤਾ ਬਾਰੇ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਗਰਭਵਤੀ ਔਰਤਾਂ ਦੇ ਬਲੱਡ ਟੈਸਟ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੁਖਪ੍ਰੀਤ ਬਰਾੜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਨੂੰ ਮਣਾਏ ਜਾਣ ਦਾ ਮੁੱਖ ਉਦੇਸ਼ ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਸਮੇਂ ਸਿਰ ਪਛਾਣ ਕਰਨਾ ਹੈ ਅਤੇ ਇਲਾਜ ਮੁਹੱਈਆ ਕਰਵਾਉਣਾ ਹੈ ਤਾਂ ਜੋ ਡਿਲੀਵਰੀ ਦੌਰਾਨ ਜੱਚਾ ਅਤੇ ਬੱਚਾ ਦੋਨੋਂ ਸੁਰੱਖਿਅਤ ਰਹਿਣ। ਉਨ੍ਹਾਂ ਦੱਸਿਆ ਕਿ ਗਰਭਾਵਸਥਾ ਦੌਰਾਨ ਸੰਤੁਲਤ ਭੋਜਨ ਬਹੁਤ ਜਰੂਰੀ ਹੈ।
ਡਾਕਟਰ ਬਰਾੜ ਨੇ ਦੱਸਿਆ ਕਿ ਇਸ ਅਭਿਆਨ ਤਹਿਤ ਹਰ ਮਹੀਨੇ ਦੀ 9 ਤਾਰੀਖ ਨੂੰ ਗਰਭਵਤੀ ਮਹਿਲਾਵਾਂ ਦੀ ਗਾਈਨੀਕੋਲੋਜਿਸਟ ਕੋਲੋਂ ਮੁਫਤ ਜਾਂਚ ਤੇ ਉਸ ਦੇ ਜਰੂਰੀ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਤਾਂ ਜੋ ਹਾਈ ਰਿਸਕ ਗਰਭਵਤੀ ਮਹਿਲਾਵਾਂ ਨੂੰ ਸਮੇਂ ਸਿਰ ਡਿਟੈਕਟ ਕੀਤਾ ਜਾ ਸਕੇ। ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਊ ਮਾਵਾਂ ਕੋਵਿਡ ਵੈਕਸੀਨੇਸ਼ਨ ਜਰੂਰ ਕਰਵਾਉਣ।ਜਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾ ਦੀ ਕੋਵਿਡ ਵੈਕਸੀਨੇਸ਼ਨ ਪਹਿਲ ਦੇ ਆਧਾਰ ਤੇ ਕੀਤੀ ਜਾਂਦੀ ਹੈ। ਸਿਵਲ ਹਸਪਤਾਲ ਦੇ ਗਾਈਨੀਕੋਲੋਜਿਸਟ ਡਾ. ਸਿਮਰਤ ਖੋਸਾ ਵੱਲੋਂ ਇਸ ਮੌਕੇ ਗਰਭਵਤੀ ਮਹਿਲਾਵਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਗਰਭਾਵਸਥਾ ਦੌਰਾਨ ਚੰਗੀ ਖੁਰਾਕ ਲੈਣ ਲਈ ਪ੍ਰੇਰਿਆ ਗਿਆ। ਇਸ ਮੌਕੇ ਤੇ ਡਾ. ਸਿਮਰਤ ਖੋਸਾ ਦੇ ਨਾਲ ਰਣਜੀਤ ਕੌਰ ਨਰਸਿੰਗ ਸਿਸਟਰ ਅਤੇ ਏ.ਐਨ.ਐਮ. ਰਾਣੀ ਕੌਰ ਸਟਾਫ਼ ਵੀ ਹਾਜਰ ਸਨ।