ਮੁੱਲਾਂਪੁਰ, 9 ਦਸੰਬਰ ( ਅਨਿਲ ਕੁਮਾਰ, ਸੰਜੀਵ ਗੋਇਲ)-ਪ੍ਰਿੰਸੀਪਲ ਕਮ ਸਵੀਪ ਨੋਡਲ ਅਫਸਰ ਵਿਧਾਨ ਸਭਾ ਹਲਕਾ ਦਾਖਾ ਜਸਪ੍ਰੀਤ ਕੌਰ ਦੀ ਅਗਵਾਈ ਵਿੱਚ ਅੰਤਰ ਸਕੂਲ ਵੋਟਰ ਜਾਗਰੂਕਤਾ ਮੁਹਿੰਮ (ਸਵੀਪ) ਗਤੀਵਿਧੀਆਂ ਦਾ ਯੂਥ ਫੈਸਟੀਵਲ ਕਰਵਾਇਆ ਗਿਆ। ਐਸ.ਡੀ.ਐਮ. ਲੁਧਿਆਣਾ ਵੈਸਟ ਹਰਜਿੰਦਰ ਸਿੰਘ ਬੇਦੀ ਨੇ ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ! ਇਸ ਵੋਟਰ ਜਾਗਰੂਕਤਾ ਪ੍ਰੋਗਰਾਮ ਦੇ ਵਿੱਚ ਸਰਕਾਰੀ ਹਾਈ ਸਕੂਲ ਮੰਡੀ ਮੁੱਲਾਂਪੁਰ, ਸਰਕਾਰੀ ਹਾਈ ਸਕੂਲ ਮੁਸ਼ਕੀ ਆਣਾ ਅਤੇ ਦਾਖਾ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਪ੍ਰਿੰਸੀਪਲ ਜਸਪ੍ਰੀਤ ਕੌਰ ਨੇ ਐਸ.ਡੀ.ਐਮ. ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ। ਆਪਣੇ ਸੰਬੋਧਨ ਵਿੱਚ ਐਸ.ਡੀ.ਐਮ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਵੋਟ ਬਣਾਉਣ ਅਤੇ ਨੈਤਿਕਤਾ ਨਾਲ ਵੋਟ ਪਾਉਣ ਦੀ ਸਲਾਹ ਦਿੱਤੀ! ਇਸ ਸਮੇਂ ਤਿੰਨ ਸਕੂਲਾਂ ਦੇ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।