ਕੋਈ ਸਮਾਂ ਸੀ ਜਦੋਂ ਗੁਰੂ ਅਤੇ ਚੇਲੇ ਦਾ ਰਿਸ਼ਤਾ ਏਨਾ ਪਵਿੱਤਰ ਹੁੰਦਾ ਸੀ ਕਿ ਕੋਈ ਚੇਲਾ ਆਪਣੇ ਗੁਰੂ ਵੱਲ ਅੱਖ ਚੁੱਕ ਕੇ ਦੇਖਣ ਦੀ ਹਿੰਮਤ ਨਹੀਂ ਸੀ ਕਰਦਾ ਅਤੇ ਗੁਰੂ ਦੀ ਗੱਲ ਮੋੜਣਾ ਜਾਂ ਉਸਨੂੰ ਜਵਾਬ ਦੇਣਾ ਤਾਂ ਬਹੁਤ ਵੱਡੀ ਗੱਲ ਸਮਝੀ ਜਾਂਦੀ ਸੀ। ਪਰ ਅੱਜ ਜਿਸ ਤਰ੍ਹਾਂ ਗੁਰੂ ਅਤੇ ਗੁਰੂ ਦਾ ਰਿਸ਼ਤਾ ਦਿਨੋ-ਦਿਨ ਤਣਾਅਗ੍ਰਸਤ ਹੋ ਰਿਹਾ ਹੈ, ਉਸ ਨਾਲ ਸਮਾਜਿਕ ਸਦਭਾਵਨਾ ਨੂੰ ਵੀ ਠੇਸ ਪਹੁੰਚ ਰਹੀ ਹੈ। ਹਾਲ ਹੀ ਵਿੱਚ ਇੱਕ ਸਕੂਲ ਦੇ ਅਧਿਆਪਕ ਵੱਲੋਂ ਕੁਝ ਵਿਦਿਆਰਥੀਆਂ ਦੀ ਬੁਰੀ ਤਰ੍ਵਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਖੂਬ ਸੁਰਖੀਆਂ ਵਿੱਚ ਛਾਇਆ ਹੋਇਆ ਹੈ ਅਤੇ ਇਸਦਾ ਮਿਲਿਆ ਜੁਲਿਆ ਪ੍ਰਤੀਕ੍ਰਮ ਵੀ ਦੇਖਣ ਨੂੰ ਸਾਹਮਣੇ ਆ ਰਿਹਾ ਹੈ। ਪੁਰਾਣੇ ਸਮੇਂ ਦੇ ਲੋਕ ਇਸਨੂੰ ਸਹੀ ਕਰਾਰ ਦਿੰਦੇ ਹਨ ਅਤੇ ਹੁਣ ਦੇ ਨਵੇਂ ਜਮਾਨੇ ਦੇ ਲੋਕ ਇਸ ਕੁੱਟਮਾਰ ਨੂੰ ਸੰਵੇਦਨਸ਼ੀਲ ਕਰਾਰ ਦਿੰਦੇ ਹੋਏ ਅਧਿਆਪਕ ਨੂੰ ਕਟਿਹਰੇ ਵਿਚ ਖੜਾ ਕਰ ਰਹੇ ਹਨ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਸਕੂਲ ਵਿੱਚ ਪੜ੍ਹਦੇ ਕਿਸੇ ਬੱਚੇ ਦੀ ਏੱਧਆਪਕ ਵਲੋਂ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਬੱਚਾ ਘਰ ਆ ਕੇ ਅਧਿਆਪਕ ਵਲੋਂ ਉਸਦੀ ਕੁੱਟਮਾਰ ਕਰਨ ਦੀ ਗੱਲ ਆਪਣੇ ਘਰ ਦੱਸਣ ਦੀ ਗਲਤੀ ਕਰ ਲੈਂਦਜਾ ਸੀ ਤਾਂ ਉਸਦੇ ਘਰ ਵੀ ਉਸਤੋਂ ਵਧੇਰੇ ਕੁੱਟ ਪੈਂਦੀ ਸੀ। ਮੈਨੂੰ ਖੁਦ ਆਪਣਾ ਸਮਾਂ ਯਾਦ ਹੈ। ਸਾਡੇ ਸਕੂਲ ਵਿਚ ਵੀ ਦੋ-ਤਿੰਨ ਅਧਿਆਪਕ ਅਜਿਹੇ ਸਨ ਜਿੰਨਾਂ ਤੋਂ ਸਾਰਾ ਸਕੂਲ ਹੀ ਡਰਦਾ ਹੁੰਦਾ ਸੀ। ਜਦੋਂ ਉਹ ਅਧਿਆਪਕ ਆਪਣਾ ਪੀਰੀਅਡ ਲੈਣ ਲਈ ਆਉਂਦੇ ਸਨ ਤਾਂ ਸਾਰੀ ਕਲਾਸ ਵਿਚੋਂ ਕੋਈ ਵੀ ਚੂੰ ਨਹੀਂ ਸੀ ਕਰਦਾ। ਜੇਕਰ ਉਨ੍ਹੰ ਦਾ ਕੰਮ ਕੋਈ ਬੱਚਾ ਘਰੋਂ ਕਰਕੇ ਨਹੀਂ ਲਿਆਇਆ ਜਾਂ ਉਸਨੂੰ ਕਲਾਸ ਵਿਚ ਦਿਤਾ ਕੰਮ ਨਹੀਂ ਸੀ ਆਉਂਦਾ ਤਾਂ ਉਹ ਉਸਨੂੰ ਡੰਡੇ ਨਾਲ ਕੁੱਟਦੇ ਸਨ। ਕਿੇ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਉਹ ਅਧਿਆਪਕ ਦੇ ਸਾਹਮਣੇ ਆਵਾਜ ਵੀ ਕੱਢ ਦਿੰਦੇ। ਉਸ ਸਮੇਂ ਦੇ ਪੜ੍ਹੇ ਹੋਏ ਬੱਚੇ ਅੱਜ ਚੰਗੇ ਮੁਕਾਮ ਤੇ ਪਹੁੰਚੇ ਹੋਏ ਹਨ। ਜਦੋਂ ਵੀ ਉਹ ਕਿਤੇ ਕਿਸੇ ਅਧਿਆਪਕ ਨੂੰ ਮਿਲਦੇ ਹਨ ਤਾਂ ਉਹ ਉਸ ਦਾ ਸਤਿਕਾਰ ਕਰਨਾ ਨਹੀਂ ਭੁੱਲਦੇ। ਪਰ ਅੱਜ ਦੇ ਸਮੇਂ ਵਿਚ ਜੇਕਰ ਕੋਈ ਅਧਿਆਪਕ ਬੱਚੇ ਨੂੰ ਉਸਦੀ ਗਲਤੀ ਕਾਰਨ ਜਿੜਕ ਜਾਂ ਕੁੱਟ ਦਿੰਦਾ ਹੈ ਤਾਂ ਉਹ ਤੁਰੰਤ ਆਪਣੇ ਘਰ ਜਾ ਕੇ ਦੱਸਦਾ ਹੈ ਅਤੇ ਮਾਂ ਬਾਪ ਵੀ ਸਕੂਲ ਵਿਚ ਜਾ ਕੇ ਅਧਿਆਪਕ ਨਾਲ ਝਗੜਾ ਕਰਨ ਵਿਚ ਦੇਰ ਨਹੀਂ ਲਗਾਉਂਦੇ। ਕਈ ਵਾਰ ਤਾਂ ਮਾਮਲਾ ਵਧ ਜਾਂਦਾ ਹੈ। ਇਹੀ ਕਾਰਨ ਹੈ ਕਿ ਅੱਜ ਸਕੂਲਾਂ ਵਿੱਚ ਅਧਿਆਪਕ ਅਤੇ ਵਿਦਿਆਰਥੀ ਦਾ ਪਵਿੱਤਰ ਰਿਸ਼ਤਾ ਪਹਿਲਾਂ ਵਰਗਾ ਨਜ਼ਰ ਨਹੀਂ ਆਉਂਦਾ। ਅਧਿਆਪਕ ਆਪਣਾ ਫਰਜ਼ ਨਿਭਾਉਣ ਲਈ ਸਕੂਲ ਵਿੱਚ ਪੀਰੀਅਡਾਂ ’ਤੇ ਹਾਜ਼ਰ ਹੁੰਦੇ ਹਨ। ਜੇਕਰ ਕੋਈ ਬੱਚਾ ਨਹੀਂ ਪੜ੍ਹਦਾ ਤਾਂ ਉਸ ਨੂੰ ਨਾ ਝਿੜਕਗੇ ਹਨ ਅਤੇ ਨਾ ਹੀ ਕੁੱਟਦੇ ਹਨ। ਜਿਸ ਕਾਰਨ ਪੜ੍ਹਾਈ ਦਾ ਮਿਆਰ ਪਹਿਲਾਂ ਦੇ ਮੁੱਕਾਬਲੇ ਬਹੁਤ ਘੱਟ ਗਿਆ ਹੈ। ਅੱਜ ਦਾ ਗਰੈਜੂਏਟ ਬੱਚਾ ਵੀ ਪਿਛਲੇ ਸਮੇਂ ਦੇ ਦਸਵੀਂ ਪਾਸ ਦਾ ਮੁਕਾਬਲਾ ਨਹੀਂ ਕਰ ਸਕਦਾ। ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ, ਅਧਿਆਪਕ ਅਤੇ ਵਿਦਿਆਰਥੀ ਵਿਚਕਾਰ ਰਿਸ਼ਤੇ ਸਾਫ ਅਤੇ ਸੁੰਦਰ, ਸੁਖਾਵੇਂ ਹੋਣੇ ਚਾਹੀਦੇ ਹਨ। ਅਧਿਆਪਕ ਅਤੇ ਵਿਦਿਆਰਥੀ ਵਿਚ ਮਾਹੌਲ ਇਨ੍ਹਾਂ ਕੁ ਸੁਹਿਰਦ ਹੋਵੇ ਕਿ ਬੱਚਾ ਕਿਸੇ ਵੀ ਮੁਸੀਬਤ ਨੂੰ ਆਪਣੇ ਅਧਿਆਪਕ ਨਾਲ ਸਾਂਝਾ ਕਰਨ ਤੋਂ ਹਿਚਕਚਾਵੇ ਨਹੀਂ। ਅੱਜ ਦੇ ਹਾਲਾਤ ਪਹਿਲਾਂ ਵਾਲੇ ਮਾਹੌਲ ਨੂੰ ਪ੍ਰਵਾਨ ਨਹੀਂ ਕਰਦੇ। ਭਾਵੇਂ ਕਿ ਇਹ ਸਪਸ਼ੱਟ ਹੈ ਕਿ ਜੇਕਰ ਕੋਈ ਅਧਿਆਪਕ ਕਿਸੇ ਬੱਚੇ ਨੂੰ ਕੁੱਟਦਾ ਹੈ ਤਾਂ ਉਸ ਵਿਚ ਉਸਦਾ ਨਿੱਜੀ ਸਵਾਰਥ ਕੁਝ ਨਹੀਂ ਹੁੰਦਾ। ਉਸਦਾ ਮੰਤਵ ਸਿਰਫ ਬੱਚੇ ਨੂੰ ਭਵਿੱਖ ਬਨਾਉਣ ਲਈ ਡਿਸਪਲਿਨ ਵਿਚ ਰਹਿ ਕੇ ਪੜ੍ਹਾਈ ਕਰਨ ਲਈ ਤਿਆਰ ਕਰਨਾ ਹੁੰਦਾ ਹੈ। ਜੇਕਰ ਬੱਚੇ ਸਕੂਲ ਜਾ ਕੇ ਅਨੁਸ਼ਾਸਨ ਨਹੀਂ ਸਿੱਖਦੇ ਅਤੇ ਪੜ੍ਹਾਈ ਵਿੱਚ ਅੱਗੇ ਨਹੀਂ ਵਧਦੇ ਤਾਂ ਤਾਂ ਉਹਨਾਂ ਦਾ ਆਉਣ ਵਾਲਾ ਭਵਿੱਖ ਹਨੇਰੇ ਵਿੱਚ ਹੀ ਰਹੇਗਾ। ਇਸ ਲਈ ਗੁਰੂ ਅਤੇ ਚੇਲੇ ਦੇ ਰਿਸ਼ਤੇ ਦੀ ਹਰਿਮਾ ਤਾਂ ਹੀ ਬਰਕਰਾਰ ਰਹਿ ਸਕਦੀ ਹੈ ਜਦੋਂ ਇਸ ਪਵਿੱਤਰ ਰਿਸ਼ਤੇ ਦੀ ਅਹਿਮੀਅਤ ਨੂੰ ਦੇਵੇਂ ਧਿਰਾਂ ਸਮਝਣਗੀਆਂ।
ਹਰਵਿੰਦਰ ਸਿੰਘ ਸੱਗੂ।