ਮਾਨਸਾ, 09 ਦਸੰਬਰ (ਲਿਕੇਸ਼ ਸ਼ਰਮਾ – ਅਸ਼ਵਨੀ) : ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਦੀ ਯੋਗ ਅਗਵਾਈ ਹੇਠ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਕਰਵਾਏ ਜਾ ਰਹੇ ਟਿੱਬਿਆਂ ਦੇ ਮੇਲੇ ’ਚ ਘੋੜਸਵਾਰੀ, ਉੱਠ ਅਤੇ ਟਾਂਗੇ ਦੀ ਸਵਾਰੀ ਦਾ ਲੋਕਾਂ ਵੱਲੋਂ ਭਰਪੂਰ ਲੁਤਫ਼ ਲਿਆ ਜਾ ਰਿਹਾ ਹੈ।ਮਾਨਸਾ ਵਾਸੀ ਸ਼ੈਂਟੀ ਦਾ ਕਹਿਣਾ ਹੈ ਕਿ ਉਸ ਕੋਲ ਦੋ ਘੋੜੀਆਂ ਅਤੇ ਇਕ ਟਾਂਗਾ ਹੈ ਜੋ ਕਿ ਉਸ ਨੇ ਆਪਣੇ ਸ਼ੌਂਕ ਲਈ ਰੱਖਿਆ ਹੋਇਆ ਹੈ। ਉਸ ਨੇ ਕਿਹਾ ਕਿ ਵੱਖ ਵੱਖ ਮੇਲਿਆਂ ਵਿਚ ਉਹ ਘੋੜੀਆਂ ਅਤੇ ਟਾਂਗਾ ਲੈ ਕੇ ਜਾਂਦਾ ਹੈ ਜਿਸ ਨਾਲ ਲੋਕ ਪੁਰਾਤਨ ਸੰਸਕ੍ਰਿਤੀ ਤੋਂ ਰੂ ਬ ਰੂ ਹੁੰਦੇ ਹਨ। ਸ਼ੈਂਟੀ ਦੇ ਦੱਸਣ ਮੁਤਾਬਿਕ ਅਜਿਹੇ ਮੇਲਿਆਂ ਵਿਚ ਜਿੱਥੇ ਚੰਗੀ ਆਮਦਨ ਹੋ ਜਾਂਦੀ ਹੈ ਉੱਥੇ ਮੇਲੇ ਵਿਚ ਆਏ ਬੱਚਿਆਂ ਸਮੇਤ ਹੋਰਨਾਂ ਦਰਸ਼ਕਾਂ ਨੂੰ ਮਨੋਰੰਜਨ ਦਾ ਇਕ ਵੱਖਰਾ ਸਾਧਨ ਮਿਲ ਜਾਂਦਾ ਹੈ।ਮੇਰਠ ਤੋਂ ਆਏ ਮੁਸੱਵਰ ਨੇ ਦੱਸਿਆ ਕਿ ਮੇਲੇ ਵਿਚ ਮੌਜੂਦ ਉੱਠ ਟਿੱਬਿਆਂ ਦੇ ਮੇਲੇ ਦੀ ਤਰਜਮਾਨੀ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉੱਠ ਨੂੰ ਰੇਗਿਸਤਾਨ ਦਾ ਜਹਾਜ਼ ਦੱਸਿਆ ਜਾਂਦਾ ਹੈ ਜਿਸ ਨੂੰ ਲੈ ਕੇ ਉੱਠ ਦੀ ਸਵਾਰੀ ਕਰਨ ਵਾਲੇ ਬੱਚੇ ਧਰਤੀ ’ਤੇ ਹੀ ਹਵਾ ’ਚ ਉੱਡਣ ਵਾਲੇ ਜਹਾਜ਼ ਦਾ ਆਨੰਦ ਮਾਣਦੇ ਹਨ। ਉਸ ਦਾ ਕਹਿਣਾ ਹੈ ਕਿ ਉੱਠ ’ਤੇ ਬੈਠਣ ਵਾਲੇ ਲੋਕ ਅਤੇ ਬੱਚੇ ਉੱਠ ਦੇ ਉੱਠਣ ਵੇਲੇ ਡਰ ਮਹਿਸੂਸ ਕਰਦੇ ਹਨ ਪ੍ਰੰਤੂ ਸਵਾਰੀ ਵਾਲੇ ਉੱਠ ਨੂੰ ਉਨ੍ਹਾਂ ਵੱਲੋਂ ਪਹਿਲਾਂ ਤੋਂ ਹੀ ਸਿਖਲਾਈ ਦਿੱਤੀ ਜਾਂਦੀ ਹੈ।