Home Punjab ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਸੁਖਜੀਤ ਦੀ ਅਗਵਾਈ ਚ ਉੱਘੇ ਲੇਖਕ ਬੂਟਾ...

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਸੁਖਜੀਤ ਦੀ ਅਗਵਾਈ ਚ ਉੱਘੇ ਲੇਖਕ ਬੂਟਾ ਸਿੰਘ ਚੌਹਾਨ ਦਾ ਸਿਹਤਯਾਬ ਹੋਣ ਤੇ ਸਤਿਕਾਰ

82
0

ਲੁਧਿਆਣਾ , 5 ਅਪ੍ਰੈਲ ( ਰਾਜੇਸ਼ ਜੈਨ, ਰੌਬਿਨ ਬਾਂਸਲ)-

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਤੇ ਉੱਘੇ ਲੇਖਕ ਸਃ ਬੂਟਾ ਸਿੰਘ ਚੌਹਾਨ ਦੀ ਲੰਮੀ ਬੀਮਾਰੀ ਉਪਰੰਤ ਬੀਮਾਰ ਪੁਰਸੀ ਲਈ ਲੇਖਕਾਂ ਦਾ ਵਫ਼ਦ ਅਕਾਦਮੀ ਦੇ ਕਾਰਜਕਾਰਨੀ ਮੈਂਬਰ ਤੇ ਮਾਛੀਵਾੜਾ ਵੱਸਦੇ ਕਹਾਣੀਕਾਰ ਸੁਖਜੀਤ ਦੀ ਅਗਵਾਈ ਹੇਠ ਬਰਨਾਲਾ ਪੁੱਜਾ।
ਬੂਟਾ ਸਿੰਘ ਚੌਹਾਨ ਪਿਛਲੇ ਇੱਕ ਸਾਲ ਤੋਂ ਉਹ ਲੁਧਿਆਣਾ ਦੇ ਮੋਹਨ ਦੇਈ ਹਸਪਤਾਲ ਵਿੱਚ ਇਲਾਜ ਅਧੀਨ ਰਹੇ ਹਨ। ਤਸੱਲੀ ਵਾਲੀ ਗੱਲ ਇਹ ਹੈ ਕਿ ਹੁਣ ਉਹ ਸਿਹਤਯਾਬ ਹੋ ਰਹੇ ਹਨ।
ਸੁਖਜੀਤ ਤੋਂ ਇਲਾਵਾ ਕਹਾਣੀਕਾਰ ਬਲਵਿੰਦਰ ਗਰੇਵਾਲ,ਮੁਖਤਿਆਰ ਸਿੰਘ, ਤਰਨ ਸਿੰਘ ਬੱਲ ਤੇ ਹੋਰ ਲੇਖਕਾਂ ਨੇ ਬੂਟਾ ਸਿੰਘ ਨੂੰ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਵੱਲੋਂ ਗੁਲਦਸਤਾ ਭੇਂਟ ਕਰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ। ਸਥਾਨਕ ਮੈਂਬਰਾਂ ਕਹਾਣੀਕਾਰ ਭੋਲਾ ਸਿੰਘ ਸੰਘੇੜਾ ਤੇ ਕਵੀ ਤਰਸੇਮ ਵੀ ਹਾਜ਼ਰ ਸਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ  ਗਿੱਲ ਨੇ ਬਰਨਾਲਾ ਜਾ ਕੇ ਲੇਖਕ ਮਿੱਤਰ ਬੂਟਾ ਸਿੰਘ ਚੌਹਾਨ ਦੀ ਖ਼ਬਰ ਸਾਰ ਲੈਣ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਡੀਆਂ ਸਾਹਿੱਤਕ ਤੇ ਸਭਿਆਚਾਰਕ ਸੰਸਥਾਵਾਂ ਨੂੰ ਇਹ ਪਿਰਤ ਅੱਗੇ ਤੋਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਚੌਹਾਨ ਸਾਡੀ ਜ਼ਬਾਨ ਦੇ ਸਮਰੱਥ ਗ਼ਜ਼ਲਗੋ , ਕਹਾਣੀਕਾਰ, ਨਾਵਲਕਾਰ, ਪੱਤਰਕਾਰ ਤੇ ਵਾਰਤਕ ਲੇਖਕ ਹਨ ।
ਇਨ੍ਹਾਂ ਨੂੰ ਪ੍ਰੋ. ਮੋਹਨ ਸਿੰਘ, ਦੀਪਕ ਜੈਤੋਈ ਅਤੇ ਸੰਤ ਅਤਰ ਸਿੰਘ ਘੁੰਨਸ ਸਨਮਾਨ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਬੂਟਾ ਸਿੰਘ ਦੀਆਂ ਰਚਨਾਵਾਂ ਚੋਂ ਪ੍ਰਮੁੱਖ ਗ਼ਜ਼ਲ ਸੰਗ੍ਰਹਿ ਸਿਰ ਜੋਗੀ ਛਾਂ, ਖ਼ਿਆਲ ਖ਼ੁਸ਼ਬੋ ਜਿਹਾ, ਨੈਣਾਂ ਵਿੱਚ ਸਮੁੰਦਰ ਅਤੇ ਖ਼ੁਸ਼ਬੋ ਦਾ ਕੁਨਬਾ। ਬਾਲ ਸਾਹਿਤ ; ਚਿੱਟਾ ਪੰਛੀ, ਨਿੱਕੀ ਜਿਹੀ ਡੇਕ, ਤਿੰਨ ਦੂਣੀ ਅੱਠ ਅਤੇ ਸਤਰੰਗੀਆਂ ਚਿੜੀਆਂ ਪਾਠਕਾਂ ਵੱਲੋਂ ਸਲਾਹੀਆਂ ਗਈਆਂ ਹਨ।
ਬੂਟਾ ਸਿੰਘ ਨੇ ਉਨ੍ਹਾਂ ਲਈ ਸ਼ੁਭ ਕਾਮਨਾਵਾਂ ਦੇਣ ਆਏ ਸੁਖਜੀਤ ਤੇ ਬਾਕੀ ਲੇਖਕਾਂ ਦਾ ਧੰਨਵਾਦ ਕਰਦਿਆਂ ਆਪਣੀਂਆਂ ਨਵ ਪ੍ਰਕਾਸ਼ਿਤ ਲਿਖਤਾਂ ਭੇਟ ਕੀਤੀਆਂ। ਸਃ ਚੌਹਾਨ ਨੇ ਕਿਹਾ ਕਿ ਤੁਹਾਡੀ ਆਮਦ ਨਾਲ ਮੈਨੂੰ ਨਵੀਂ ਊਰਜਾ ਤੇ ਉਤਸ਼ਾਹ ਮਿਲਿਆ ਹੈ।

LEAVE A REPLY

Please enter your comment!
Please enter your name here