ਜਗਰਾਉਂ, 23 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ )-ਮਾਮੂਲੀ ਝਗੜੇ ਤੋਂ ਬਾਅਦ ਆਪਣੇ ਹੀ ਸਾਥੀ ਦੇ ਸਿਰ ’ਤੇ ਇੰਟਰਲਾਕ ਟਾਈਲਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਥਾਣਾ ਸਿਟੀ ਦੇ ਇੰਚਾਰਜ ਡੀਐਸਪੀ ਦੀਪਕਰਨ ਸਿੰਘ ਤੂਰ ਨੇ ਦੱਸਿਆ ਕਿ ਪੁਲੀਸ ਨੇ ਮਹਿਜ਼ 24 ਘੰਟਿਆਂ ਵਿੱਚ ਹੀ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਕੇ ਮੁਲਜ਼ਮ ਤੇਜਿੰਦਰ ਸਿੰਘ ਉਰਫ ਮੱਦੀ ਵਾਸੀ ਮੁਹੱਲਾ ਰਾਣੀਵਾਲਾ ਖੂਹ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਏ.ਐਸ.ਆਈ ਆਤਮਾ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਕੀਤੀ ਗਈ ਤਫ਼ਤੀਸ਼ ਦੌਰਾਨ ਬਾਕੀ ਦੋ ਦੋਸ਼ੀਆਂ ਰਵੀ ਕੁਮਾਰ ਉਰਫ਼ ਰਵੀ ਵਾਸੀ ਗੁਰੂਹਰਸਹਾਏ, ਮੌਜੂਦਾ ਵਾਸੀ ਮੁਹੱਲਾ ਰਾਣੀਵਾਲਾ ਖੂਹ ਅਤੇ ਕੁਲਵਿੰਦਰ ਸਿੰਘ ਉਰਫ਼ ਕਾਕਾ ਵਾਸੀ ਮੁਹੱਲਾ ਮਾਈ ਜੀਨਾ ਜਗਰਾਉਂ ਨੂੰ ਗਿ੍ਰਫ਼ਤਾਰ ਕੀਤਾ ਗਿਆ । ਡੀਐਸਪੀ ਤੂਰ ਨੇ ਦੱਸਿਆ ਕਿ ਮਿ੍ਰਤਕ ਕਾਕਾ ਸ਼ਰਮਾ ਪੁੱਤਰ ਪ੍ਰਕਾਸ਼ ਚੰਦ ਅਤੇ ਉਸ ਦੇ ਇਹ ਤਿੰਨੇ ਸਾਥੀ ਅਕਸਰ ਇਕੱਠੇ ਸ਼ਰਾਬ ਪੀਂਦੇ ਸਨ। ਕਤਲ ਵਾਲੀ ਰਾਤ ਵੀ ਉਕਤ ਸਾਰੇ ਨਸ਼ੇ ’ਚ ਸਨ ਅਤੇ ਉਨ੍ਹਾਂ ’ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਤਿੰਨੋਂ ਦੋਸ਼ੀਆਂ ਨੇ ਮਿਲ ਕੇ ਕਾਕਾ ਸ਼ਰਮਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਸੜਕ ’ਤੇ ਪਈ ਇੰਟਰਲਾਕ ਟਾਈਲ ਨਾਲ ਉਸ ਦੇ ਸਿਰ ’ਤੇ ਵਾਰ ਕਰ ਦਿੱਤਾ। ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹਾਲਤ ’ਚ ਉਸਨੂੰ ਛੱਡ ਕੇ ਫਰਾਰ ਹੋ ਗਏ ਸਨ। ਏ ਐੱਸ.ਆਈ ਆਤਮਾ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁੱਛਗਿੱਛ ਦੌਰਾਨ ਇਨ੍ਹਾਂ ਪਾਸੋਂ ਕਤਲ ਸਮੇਂ ਵਰਤੀਆਂ ਗਈਆਂ ਦੋ ਇੰਟਰਲਾਕ ਟਾਈਲਾਂ ਬਰਾਮਦ ਕਰ ਲਈਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਪਿਛਲੇ ਬੁੱਧਵਾਰ ਰਾਤ ਨੂੰ ਹੋਏ ਝਗੜੇ ਤੋਂ ਬਾਅਦ ਕਾਕਾ ਸ਼ਰਮਾ ਪੁੱਤਰ ਪ੍ਰਕਾਸ਼ ਚੰਦ ਉਮਰ 48 ਸਾਲ ਦਾ ਕਤਲ ਹੋਣ ਤੇ ਉਸਦੇ ਭਾਣਜੇ ਸੰਦੀਪ ਕੁਮਾਰ ਪੁੱਤਰ ਤੀਰਥ ਰਾਮ ਦੀ ਸ਼ਿਕਾਇਤ ਤੇ ਮੁਕਦਮਾ ਦਰਜ ਕੀਤਾ ਗਿਆ ਸੀ।