ਨਵੀਂ ਦਿੱਲੀ, 13 ਜੁਲਾਈ ( ਰਾਜਨ ਜੈਨ) -ਕਸਟਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੋ ਭਾਰਤੀ ਨਾਗਰਿਕਾਂ ਨੂੰ 45 ਪਿਸਤੌਲਾਂ ਸਣੇ ਗ੍ਰਿਫ਼ਤਾਰ ਕੀਤਾ ਹੈ।ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਬੰਦੂਕਾਂ ਅਸਲੀ ਹਨ ਜਾਂ ਨਹੀਂ। ਅੱਤਵਾਦ ਵਿਰੋਧੀ ਯੂਨਿਟ ਨੈਸ਼ਨਲ ਸਕਿਓਰਿਟੀ ਗਾਰਡ (ਐੱਨਐੱਸਜੀ) ਜੋ ਮਾਮਲੇ ਦੀ ਜਾਂਚ ਕਰ ਰਹੀ ਹੈ, ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਬੰਦੂਕਾਂ ‘ਪੂਰੀ ਤਰ੍ਹਾਂ ਅਸਲੀ’ ਲੱਗਦੀਆਂ ਹਨ।ਰਿਪੋਰਟਾਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਜੋੜੇ ਦੀ ਪਹਿਚਾਣ ਜਗਜੀਤ ਸਿੰਘ ਅਤੇ ਜਸਵਿੰਦਰ ਕੌਰ ਵਜੋਂ ਹੋਈ ਹੈ ਜੋ ਕਿ ਪਤੀ-ਪਤਨੀ ਹਨ।ਇਹ ਜੋੜਾ 10 ਜੁਲਾਈ ਨੂੰ ਵੀਅਤਨਾਮ ਦੇ ਹੋ ਚੀ ਮਿਨਹ ਸ਼ਹਿਰ ਤੋਂ ਭਾਰਤ ਪਰਤਿਆ ਸੀ ਅਤੇ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਸੀ। ਜਗਜੀਤ ਸਿੰਘ ਨੂੰ ਉਸ ਦੇ ਭਰਾ ਮਨਜੀਤ ਸਿੰਘ ਵੱਲੋਂ ਦਿੱਤੇ ਦੋ ਟਰਾਲੀ ਬੈਗਾਂ ਵਿੱਚ ਪਿਸਤੌਲ ਸਮੇਤ ਫੜਿਆ ਗਿਆ।ਮਨਜੀਤ ਸਿੰਘ ਨੇ ਕਥਿਤ ਤੌਰ ‘ਤੇ ਪੈਰਿਸ, ਫਰਾਂਸ ਤੋਂ ਦੇਸ਼ ਵਿੱਚ ਉਤਰਨ ਤੋਂ ਬਾਅਦ ਵੀਅਤਨਾਮ ਵਿੱਚ ਜਗਜੀਤ ਸਿੰਘ ਨੂੰ ਬੈਗ ਦਿੱਤੇ ਸਨ। ਕਸਟਮ ਅਧਿਕਾਰੀਆਂ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੈਗ ਸੌਂਪਣ ਤੋਂ ਬਾਅਦ, ਮਨਜੀਤ ਸਿੰਘ ਏਅਰਪੋਰਟ ਤੋਂ ਬਾਹਰ ਖਿਸਕ ਗਿਆ।ਕਸਟਮ ਅਧਿਕਾਰੀਆਂ ਦੇ ਅਨੁਸਾਰ, ਮਹਿਲਾ ਯਾਤਰੀ ਨੇ ਆਪਣੇ ਪਤੀ ਦੀ ਟਰਾਲੀ ਬੈਗ ਦੇ ਟੈਗ ਨੂੰ ਹਟਾਉਣ ਅਤੇ ਨਸ਼ਟ ਕਰਨ ਵਿੱਚ ਮਦਦ ਕੀਤੀ ਜਿਸ ਵਿੱਚ ਬੰਦੂਕ ਸੀ।ਰਿਪੋਰਟਾਂ ਮੁਤਾਬਿਕ ਟਰਾਲੀ ਬੈਗਾਂ ਦੀ ਜਾਂਚ ਦੇ ਨਤੀਜੇ ਵਜੋਂ ਵੱਖ-ਵੱਖ ਬ੍ਰਾਂਡ ਬੰਦੂਕਾਂ ਦੇ 45 ਟੁਕੜੇ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦੀ ਕੀਮਤ ਲਗਭਗ 22.5 ਲੱਖ ਰੁਪਏ ਹੈ।