ਜਗਰਾਓਂ, 23 ਮਈ ( ਬੌਬੀ ਸਹਿਜਲ, ਧਰਮਿੰਦਰ )-ਥਾਣਾ ਸਿਟੀ ਦੀ ਪੁਲਿਸ ਪਾਰਟੀ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ ਚੋਰੀਸ਼ੁਦਾ ਪਲਟੀਨਾ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਹੈ। ਥਾਣਾ ਸਿਟੀ ਜਗਰਾਓਂ ਦੇ ਇੰਚਾਰਜ ਡੀਐਸਪੀ ਦੀਪਕਰਨ ਸਿੰਘ ਤੂਰ ਨੇ ਦੱਸਿਆ ਕਿ ਗੁਰਤੇਜ ਸਿੰਘ ਉਰਫ਼ ਤੇਜੂ ਵਾਸੀ ਪਿੰਡ ਬੀੜ ਗਗੜਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਜਪ ਫਰਨੀਚਰ ਕਿਚਨ ਫੈਕਟਰੀ ਸੇਮ ਨਾਲਾ ਕੋਠੇ ਖੰਜੂਰਾਂ ਵਿਖੇ ਕੰਮ ਕਰਦਾ ਹੈ। ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੇ ਮੋਟਰਸਾਈਕਲ ’ਤੇ ਫੈਕਟਰੀ ’ਚ ਕੰਮ ’ਤੇ ਗਿਆ ਅਤੇ ਫੈਕਟਰੀ ਦੇ ਮੇਨ ਗੇਟ ’ਤੇ ਮੋਟਰਸਾਈਕਲ ਖੜ੍ਹਾ ਕਰਕੇ ਅੰਦਰ ਚਲਾ ਗਿਆ। ਸ਼ਾਮ ਨੂੰ ਜਦੋਂ ਮੈਂ ਕੰਮ ਤੋਂ ਵਿਹਲਾ ਹੋਇਆ ਤਾਂ ਦੇਖਿਆ ਕਿ ਮੇਰਾ ਮੋਟਰਸਾਈਕਲ ਉਥੇ ਮੌਜੂਦ ਨਹੀਂ ਸੀ। ਆਲੇ-ਦੁਆਲੇ ਭਾਲ ਕੀਤੀ ਪਰ ਮੋਟਰਸਾਈਕਲ ਨਹੀਂ ਮਿਲਿਆ। ਸ਼ਿਕਾਇਤਕਰਤਾ ਦੀ ਸ਼ਿਕਾਇਤ ’ਤੇ ਤਫ਼ਤੀਸ਼ ਕਰਦਿਆਂ ਏ.ਐਸ.ਆਈ ਨਸੀਬ ਚੰਦ ਨੇ ਜਗਜੀਤ ਸਿੰਘ, ਰਛਪਾਲ ਸਿੰਘ ਵਾਸੀ ਪਿੰਡ ਬਰਸਾਲ ਅਤੇ ਹਰਮਨਦੀਪ ਸਿੰਘ ਉਰਫ਼ ਸੋਨੂੰ ਵਾਸੀ ਪਿੰਡ ਸਵੱਦੀ ਕਲਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ।