ਖੇਡ ਦਾ ਮੈਦਾਨ ਆਪਸੀ ਪਿਆਰ, ਸਦਭਾਵਨਾਂ ਪੈਦਾ ਕਰਨ ਦਾ ਇਕ ਵਧੀਆ ਮੰਚ ਹੁੰਦਾ ਹੈ ਇਥੇ ਨਫਰਤ ਲਈ ਕੋਈ ਵੀ ਥਾਂ ਨਹੀਂ ਹੁੰਦੀ। ਖੇਡ ਦੇ ਮੈਦਾਨ ਵਿਚ ਜਿੱਤ ਹਾਰ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਨਉਰਤੀ ਕਾਰਵਾਈ ਨਹੀਂ ਹੋਣੀ ਚਾਹੀਦੀ। ਖੇਡ ਦੌਰਾਨ ਖਿਡਾਰੀਆਂ ’ਤੇ ਕਿਸੇ ਵੀ ਤਰ੍ਹਾਂ ਦੇ ਇਲਜਾਬਾਜੀ ਅਤੇ ਨਫਰਤ ਫੈਲਾਉਣ ਵਾਲੀ ਬਿਆਨਬਾਜੀ ਅਤਿ ਨਿੰਦਣਯੋਗ ਹੈ। ਖੇਡ ਨੂੰ ਸਿਰਫ ਖੇਡ ਦੇ ਨਜ਼ਰੀਏ ਤੋਂ ਹੀ ਦੇਖਿਆ ਜਾਣਾ ਚਾਹੀਦਾ ਹੈ, ਕਿਸੇ ਵੀ ਦੇਸ਼ ਵਿਚ ਕਿਸੇ ਵੀ ਖੇਡ ਦੀ ਟੀਮ ਅਤੇ ਖਿਲਾੜੀ ਦਾ ਪ੍ਰਦਰਸ਼ਨ ਉਸਦੀ ਖੇਲ ਭਾਵਨਾ ਤੱਕ ਹੀ ਸੀਮਤ ਹੁੰਦਾ ਹੈ। ਹਰ ਖਿਲਾੜੀ ਆਪਣੇ ਦੇਸ਼ ਅਤੇ ਟੀਮ ਲਈ ਜੀਅ ਜਾਨ ਨਾਲ ਖੇਡਦਾ ਹੈ। ਹਾਲ ਹੀ ਵਿਚ ਕ੍ਰਿਕਟ ਮੈਚ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਓਪਨਰ ਸ਼ੁਭ ਸ਼ੁਭਮਨ ਗਿੱਲ ਦੇ ਖਿਲਾਫ ਨਫਰਤ ਭਰੀ ਬਿਆਨਬਾਜੀ ਨੇ ਸਭ ਨੂੰ ਹੈਰਾਨ ਕਰ ਦਿਤਾ ਹੈ ਅਤੇ ਖੇਡ ਪ੍ਰੇਮੀਆਂ ਨੂੰ ਨਿਰਾਸ਼ ਵੀ ਕੀਤਾ ਹੈ। ਉਸਦੇ ਆਪਣੀ ਟੀਮ ਲਈ ਮੈਚ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਦੂਜੀ ਟੀਮ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਜਿਸ ਲਈ ਦੂਜੀ ਟੀਮ ਦੇ ਖਿਡਾਰੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਸੋਸ਼ਲ ਮੀਡੀਆ ’ਤੇ ਉਸਦੇ ਖਿਲਾਫ ਹਮਲਾਵਰੀ ਬਿਆਨਬਾਜੀ ਕਰਕੇ ਉਸਨੂੰ ਟ੍ਰੋਲ ਕਰਨਾ ਸ਼ੁਰੂ ਕੀਤਾ। ਇਥੇ ਮੰਦਭਾਗੀ ਗੱਲ ਇਹ ਹੈ ਕਿ ਉਸਦੇ ਨਾਲ ਨਾਲ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਨਾਲ ਨਿਸ਼ਾਨਾ ਬਣਾਇਾ ਗਿਆ। ਖੇਡ ਦਾ ਮੈਦਾਨ ਆਪਸੀ ਪਿਆਰ ਤੇ ਸਦਭਾਵਨਾ ਪੈਦਾ ਕਰਨ ਦਾ ਮੈਦਾਨ ਹੁੰਦਾ ਹੈ। ਇੱਥੇ ਜਦੋਂ ਕੋਈ ਵੀ ਖਿਡਾਰੀ ਭਾਵੇਂ ਉਹ ਕਿਸੇ ਵੀ ਟੀਮ ਜਾਂ ਦੇਸ਼ ਦਾ ਹੋਵੇ, ਜਦੋਂ ਉਹ ਮੈਦਾਨ ਵਿਚ ਉਤਰਦਾ ਹੈ ਤਾਂ ਉਹ ਸਿਰਫ ਇਕ ਖਿਡਾਰੀ ਹੁੰਦਾ ਹੈ। ਜਿਸ ਨੇ ਆਪਣੀ ਟੀਮ ਦੀ ਜਿੱਤ ਲਈ ਖੇਡਣਾ ਹੁੰਦਾ ਹੈ। ਇਸ ਤੋਂ ਇਲਾਵਾ ਉਸ ਦਾ ਕੋਈ ਹੋਰ ਉਦੇਸ਼ ਨਹੀਂ ਹੁੰਦਾ। ਫਿਰ ਜਿੱਤ ਅਤੇ ਹਾਰ ਤਾਂ ਨਿਯਮ ਹੀ ਹੈ। ਇਕ ਟੀਮ ਨੇ ਜਿੱਤਣਾ ਅਤੇ ਦੂਸਰੀ ਨੇ ਹਾਰਨਾ ਹੁੰਦਾ ਹੈ। ਇਸ ਲਈ ਖੇਡ ਦੇ ਮੈਦਾਨ ਵਿਚ ਹੋਣ ਵਾਲੀ ਜਿੱਤ ਅਤੇ ਹਾਰ ਨੂੰ ਨਿੱਜੀ ਦੁਸ਼ਮਣੀ ਵਜੋਂ ਲੈਣਾ ਗਲਤ ਹੈ। ਆਮ ਤੌਰ ’ਤੇ ਵੱਡੇ ਖੇਡ ਮੈਦਾਨਾਂ ਵਿੱਚ ਜਦੋਂ 2 ਦੇਸ਼ਾਂ ਦੀਆਂ ਟੀਮਾਂ ਵਿਚਕਾਰ ਮੈਚ ਹੁੰਦੇ ਹਨ ਅਤੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਉਹ ਮੈਚ ਨੂੰ 2 ਦੇਸ਼ਾਂ ਦੇ ਮੈਚਾਂ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਇਸ ਨੂੰ ਭਾਰਤ ਅਤੇ ਪਾਕਿਸਤਾਨ ਦੇ ਮੈਚਾਂ ਵਿੱਚ ਅਕਸਰ ਦੇਖਿਆ ਜਾਂਦਾ ਹੈ। ਪਾਕਿਸਤਾਨੀ ਟੀਮ ਦੀ ਹਾਰ ਤੋਂ ਬਾਅਦ ਜਦੋਂ ਟੀਮ ਆਪਣੇ ਵਤਨ ਪਰਤਦੀ ਹੈ ਤਾਂ ਉਨ੍ਹਾਂ ਦਾ ਲੋਕ ਭਾਰੀ ਵਿਰੋਧ ਕਰਦੇ ਹਨ। ਇੱਥੋਂ ਤੱਕ ਕਿ ਕਈ ਵਾਰ ਹਿੰਸਕ ਗਤੀਵਿਧੀਆਂ ਵੀ ਹੋ ਜਾਂਦੀਆਂ ਹਨ। ਖੇਡ, ਸਾਹਿਤ, ਗੀਤ-ਸੰਗੀਤ ਅਜਿਹੇ ਵਿਸ਼ੇ ਹਨ ਜੋ ਸਾਰੇ ਬੰਧਨਾਂ ਤੋਂ ਮੁਕਤ ਹਨ। ਖੇਡਾਂ ਨੂੰ ਵੀ ਖੇਡ ਮੈਦਾਨ ਵਿੱਚ ਕਿਸੇ ਬੰਧਨ ਵਿੱਚ ਨਹੀਂ ਬੰਨਿ੍ਹਆ ਜਾ ਸਕਦਾ, ਸਾਹਿਤ, ਗੀਤ-ਸੰਗੀਤ ਦੀ ਕੋਈ ਸੀਮਾ ਨਹੀਂ ਹੁੰਦੀ। ਇਨ੍ਹਾਂ ਦੀ ਮਿਠਾਸ ਕਿਸੇ ਸੀਮਾ ਜਾਂ ਬੰਧਨ ਦਾ ਮੁਥਾਜ ਨਹੀਂ ਹੁੰਦੀ ਸਗੋਂ ਇਨ੍ਹਾਂ ਦੀ ਖੁਸਭੋ ਸਾਰੇ ਬੰਧਨ ਅਤੇ ਸਰਹੱਦਾਂ ਤੋੜ ਕੇ ਆਪਣੇ ਆਪ ਕੁਦਰਤ ਦੀ ਪੌਣ ਵਾਂਗ ਅੱਗੇ ਵਧਦੀ ਅਤੇ ਮਹਿਕ ਖਲੇਰਦੀ ਹੈ। ਖੇਡ ਦੇ ਮੈਦਾਨ ਵਿਚ ਕੋਈ ਜਾਤ, ਧਰਮ ਜਾਂ ਸੀਮਾਵਾਂ ਰੁਕਾਵਟ ਨਹੀਂ ਹਨ। ਇਹ ਸਭ ਦੇ ਦਿਲਾਂ ਵਿੱਚ ਪਿਆਰ ਅਤੇ ਆਪਸੀ ਰਿਸ਼ਤਿਆਂ ਦੀ ਮਜ਼ਬੂਤੀ ਲਈ ਕੰਮ ਕਰਦੀ ਹ।, ਇਸ ਲਈ ਜੋ ਅੱਜ ਸ਼ੁਭਮਨ ਗਿੱਲ ਨਾਲ ਕੀਤਾ ਜਾ ਰਿਹਾ ਹੈ, ਉਹ ਬਹੁਤ ਮੰਦਭਾਗਾ ਹੈ।
ਹਰਵਿੰਦਰ ਸਿੰਘ ਸੱਗੂ।