ਜਲੰਧਰ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇਕ ਅੰਨ੍ਹੇ ਕਤਲ ਦੀ ਗੁੱਥੀ ਨੂੰ 24 ਘੰਟਿਆਂ ਦੇ ਅੰਦਰ ਸੁਲਝਾ ਕੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਸ਼ਨਿਚਰਵਾਰ ਸਵੇਰੇ ਅਨਾਜ ਮੰਡੀ ਦੇ ਗੇਟ ਨੰਬਰ ਇਕ ਕੋਲ ਇਕ ਲਾਸ਼ ਮਿਲੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਰਜੂ ਕੁਮਾਰ ਉਰਫ ਕਾਲਾ ਵਾਸੀ ਮੁਹੱਲਾ ਪ੍ਰਭਾਤ ਨਗਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਵਿਗਿਆਨ ਤੇ ਤਕਨੀਕ ਦੇ ਆਧਾਰ ’ਤੇ ਸ਼ੁਰੂ ਕੀਤੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦਾਣਾ ਮੰਡੀ ਨੇੜੇ ਬੀਤੀ ਰਾਤ ਕਰੀਬ 11 ਵਜੇ ਸ਼ਰਾਬ ਦੇ ਨਸ਼ੇ ’ਚ ਦੋ ਦੋਸਤਾਂ ਵਿਚਾਲੇ ਲੜਾਈ ਹੋਈ ਸੀ। ਲੜਾਈ ਦੌਰਾਨ ਇਕ ਦੋਸਤ ਨੇ ਦੂਜੇ ਦੋਸਤ ਦੇ ਸਿਰ ’ਤੇ ਇੱਟ ਮਾਰ ਕੇ ਕਤਲ ਕਰ ਦਿੱਤਾ। ਜਲੰਧਰ ਪੁਲਿਸ ਨੇ 12 ਘੰਟਿਆਂ ’ਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਕਤਲ ਲਈ ਵਰਤੀ ਗਈ ਇੱਟ ਵੀ ਬਰਾਮਦ ਕਰ ਲਈ।
ਮ੍ਰਿਤਕ ਦੀ ਪਛਾਣ ਸਰਜੂ ਉਰਫ ਕਾਲਾ ਵਾਸੀ ਮਕਾਨ ਨੰਬਰ ਬੀ-4/69 ਮੁਹੱਲਾ ਪ੍ਰਭਾਤ ਨਗਰ ਤੇ ਕਾਤਲ ਦੀ ਪਛਾਣ ਕਰਨ ਭਾਟੀਆ ਉਰਫ ਰਿੱਕੀ ਵਾਸੀ ਰਾਮ ਨਗਰ ਵਜੋਂ ਹੋਈ ਹੈ। ਡੀਸੀਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਥਾਣਾ ਡਵੀਜ਼ਨ ਨੰਬਰ ਦੋ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਦਾਣਾ ਮੰਡੀ ਦੇ ਗੇਟ ਨੰਬਰ ਇਕ ’ਤੇ ਇਕ ਲਾਸ਼ ਪਈ ਹੈ। ਇਸ ’ਤੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਪੁਲਿਸ ਮੁਲਾਜ਼ਮਾਂ ਸਮੇਤ ਤੁਰੰਤ ਮੌਕੇ ’ਤੇ ਪੁੱਜੇ ਤੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ’ਚ ਭੇਜ ਦਿੱਤੀ। ਮ੍ਰਿਤਕ ਦੇ ਸਿਰ ਤੇ ਮੂੰਹ ’ਤੇ ਸੱਟਾਂ ਦੇ ਨਿਸ਼ਾਨ ਸਨ ਤੇ ਪੂਰਾ ਮੂੰਹ ਖੂਨ ਨਾਲ ਲੱਥਪੱਥ ਸੀ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ ਜਿਸ ਤੋਂ ਬਾਅਦ ਸ਼ੱਕੀ ਵਿਅਕਤੀ ਕੈਮਰੇ ’ਚ ਕੈਦ ਹੋ ਗਿਆ। ਜਾਂਚ ’ਚ ਸਾਹਮਣੇ ਆਇਆ ਕਿ ਸਰਜੂ ਦਿਹਾੜੀ ਦਾ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ।ਬੀਤੀ ਰਾਤ ਕਰੀਬ ਸਾਢੇ ਅੱਠ ਵਜੇ ਉਹ ਘਰੋਂ ਨਿਕਲ ਕੇ ਨੇੜੇ ਹੀ ਰਹਿੰਦੇ ਆਪਣੇ ਦੋਸਤ ਗੋਰਾ ਕੋਲ ਪੁੱਜ ਗਿਆ। ਉਸ ਦਾ ਤੀਜਾ ਸਾਥੀ ਕਰਨ ਭਾਟੀਆ ਉਰਫ਼ ਰਿੱਕੀ ਜੋ ਆਟੋ ਚਲਾਉਂਦਾ ਹੈ, ਵੀ ਉੱਥੇ ਪੁੱਜ ਗਿਆ। ਤਿੰਨਾਂ ਨੇ ਇਕੱਠੇ ਸ਼ਰਾਬ ਪੀਤੀ ਤੇ ਆਟੋ ’ਚ ਸਵਾਰੀ ਲਈ ਨਿਕਲੇ। ਪੁਲਿਸ ਨੇ ਪਹਿਲਾਂ ਗੋਰਾ ਨੂੰ ਫੜ ਕੇ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਉਸ ਨੇ ਦੱਸਿਆ ਕਿ ਦਾਣਾ ਮੰਡੀ ਨੇੜੇ ਸ਼ਰਾਬ ਪੀਣ ਨੂੰ ਲੈ ਕੇ ਕਰਨ ਤੇ ਸਰਜੂ ਵਿਚਾਲੇ ਲੜਾਈ ਹੋ ਗਈ ਸੀ ਤੇ ਝਗੜਾ ਇੰਨਾ ਵੱਧ ਗਿਆ ਕਿ ਕਰਨ ਜੋ ਕਿ ਪੇਸ਼ੇ ਤੋਂ ਆਟੋ ਚਾਲਕ ਹੈ, ਨੇ ਸਰਜੂ ਨੂੰ ਸੀਮੈਂਟ ਦੀ ਇੱਟ ਨਾਲ ਮਾਰ ਦਿੱਤਾ ਤੇ ਭੱਜ ਗਿਆ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 2 ’ਚ ਕਤਲ ਦਾ ਕੇਸ ਦਰਜ ਕਰ ਲਿਆ ਹੈ। ਡੀਸੀਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।