ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਦਲਾਂ ਤੋਂ ਇਸਦਾ ਜਵਾਬ ਮੰਗਣਗੇ ?
ਪੰਜਾਬ ਦੇ ਕਾਲੇ ਦੌਰ ਦੇ ਸਮੇਂ ਵਿੱਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਡੀਜੀਪੀ ਕੇਪੀਐਸ ਦੀ ਜੋੜੀ ਵਲੋਂ ਕੀਤੀ ਗਈ ਸਿੱਖ ਨਸਲਕੁਸ਼ੀ ਦੀ ਬਹੁਤ ਲੰਬੀ ਲਿਸਟ ਹੈ। ਬਹੁਤ ਸਾਰੀਆਂ ਮਾਵਾਂ ਪੰਜਾਬ ਵਿੱਚ ਇਸ ਦੌਰ ਵਿੱਚ ਲਾਪਤਾ ਹੋਏ ਆਪਣੇ ਪੁੱਤਰਾਂ ਦੀ ਉਡੀਤ ਅੱਜ ਵੀ ਕਰ ਰਹੀਆਂ ਹਨ, ਜੋ ਕਿ ਉਸ ਦੌਰ ਵਿਚ ਅਚਾਨਕ ਲਾਪਤਾ ਹੋਣ ਤੋਂ ਬਾਅਦ ਅੱਜ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸੇ ਤਰ੍ਹਾਂ ਦੀ ਹੀ ਬੇਹੱਦ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀਨ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਦਾ। ਜਿਸਦਾ ਖੁਲਾਸਾ ਹੁਣ ਕਤਲ ਦੇ 31 ਸਾਲ ਬਾਅਦ ਸਾਹਮਣੇ ਆਇਆ ਹੈ। ਜੋ ਕਿ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਦਾਸਤਾਨ ਵਜੋਂ ਸਾਹਮਣੇ ਆਇਆ ਹੈ। ਦਸੰਬਰ 1992 ਵਿਚ ਬੇਰਹਿਮੀ ਨਾਲ ਪੁਲਿਸ ਵਲੋਂ ਭਾਈ ਕਾਉਂਕੇ ਦਾ ਕਤਲ ਕਰ ਦਿਤਾ ਗਿਆ ਸੀ ਅਤੇ 1995 ਵਿੱਚ ਉਨ੍ਹਾਂ ਨੂੰ ਸਰਕਾਰੀ ਰਿਕਾਰਡ ਵਿਚ ਭਗੌੜਾ ਕਰਾਰ ਦੇ ਦਿਤਾ ਗਿਆ ਸੀ ਜੋ ਕਿ ਹੁਣ ਤੱਕ ਵੀ ਭਗੌੜਾ ਹੀ ਚੱਲਿਆ ਆ ਰਿਹਾ ਹੈ। ਹੁਣ ਭਾਈ ਗੁਰਦੇਵ ਕਾਉਂਕੇ ਦੇ ਸਬੰਧ ਵਿੱਚ ਆਈਪੀਐਸ ਅਧਿਕਾਰੀ ਬੀਪੀ ਤਿਵਾੜੀ ਵੱਲੋਂ ਕੀਤੀ ਜਾਂਚ ਰਿਪੋਰਟ 31 ਸਾਲਾਂ ਬਾਅਦ ਸਾਹਮਣੇ ਆਈ ਹੈ। ਜਿਸ ਨੇ ਤਤਕਾਲੀਨ ਸਰਕਾਰ ਅਤੇ ਪੁਲਿਸ ਦੇ ਕਰੂਪ ਚਿਹਰੇ ਨੂੰ ਨੰਗਾ ਕਰ ਦਿਤਾ ਹੈ।
ਆਓ! ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਬੀਪੀ ਤਿਵਾੜੀ ਕਮਿਸ਼ਨ ਦੀ ਰਿਪੋਰਟ ਕੀ ਕਹਿੰਦੀ ਹੈ। ਪੰਜਾਬ ਦੇ ਉਸ ਕਾਲੇ ਦੌਰ ਵਿਚ ਪਿੰਡ ਕਾਫੱਕੇ ਕਲਾਂ ਵਿਖੇ ਬਲਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਇਸ ਕਤਲ ਵਿੱਚ ਸ਼ੱਕ ਦੀ ਸੂਈ ਭਾਈ ਗੁਰਦੇਵ ਸਿੰਘ ਕਾਉਂਕੇ ਵੱਲ ਘੁਮਾ ਰਹੀ ਸੀ। ਜਿਸ ਸਬੰਧ ਵਿੱਚ 6 ਦਸੰਬਰ 1992 ਨੂੰ ਜਗਰਾਉਂ ਪੁਲਿਸ ਨੇ ਉਸ ਕਤਲ ਸੰਬੰਧੀ ਪੁੱਛਗਿੱਛ ਲਈ ਭਾਈ ਕਾਉਂਕੇ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਲਿੱਾਂਦਾ ਜਾਂਦਾ ਹੈ। ਪਰ ਇਸ ਦੌਰਾਨ ਭਾਈ ਕਾਉਂਕੇ ਦੇ ਦੋਹਤੇ ਦੀ ਮੌਤ ਹੋਣ ਕਾਰਨ ਪਿੰਡ ਵਾਸੀਆਂ ਦੀ ਦਖਲਅੰਦਾਜ਼ੀ ਨਾਲ।ਪੁਲਿਸ ਉਨ੍ਹਾਂ ਨੂੰ ਛੱਡ ਦਿੰਦੀ ਹੈ ਪਰ ਫਿਰ 25 ਦਸੰਬਰ 1992 ਨੂੰ ਜਦੋਂ ਭਾਈ ਗੁਰਦੇਵ ਸਿੰਘ ਕਾਉਂਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਥਾ ਕਰ ਰਹੇ ਸਨ ਤਾਂ ਉਸ ਸਮੇਂ ਕੇ.ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ। ਪਿੰਡ ਵਾਸੀਆਂ ਦੇ ਰੋਸ ਨੂੰ ਦੇਖਦੇ ਹੋਏ ਭਾਈ ਗੁਰਦੇਵ ਸਿੰਘ ਨੂੰ ਪਹਿਲਾਂ ਉਹਨਾਂ ਦੇ ਘਰ ਲਿਜਾਇਆ ਜਾਂਦਾ ਹੈ ਅਤੇ ਉਥੋਂ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਲਈ ਥਾਣੇ ਲਿਜਾਇਆ ਜਾਂਦਾ ਹੈ। ਇਸ ਦੌਰਾਨ ਉਹਨਾਂ ਤੇ ਪੁੱਛ ਗਿਠ ਦੇ ਨਾਮ ਤੇ ਅਣਮਨੁੱਖੀ ਤਸ਼ਦੱਦ ਕੀਤਾ ਜਾਂਦਾ ਹੈ। ਉਸੇ ਤਸ਼ਦੱਦ ਕਾਰਨ ਹੀ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਮੌਤ ਹੋ ਜਾਂਦੀ ਹੈ। ਉਸਤੋਂ ਬਾਅਦ ਬਲਿੰਦਰ ਸਿੰਘ ਦੇ ਕਤਲ ਦੇ ਸੰਬੰਧ ਵਿਚ ਜਗਰਾਓਂ ਪੁਲਿਸ 7 ਜਸੰਬਰ 1992 ਨੂੰ ਦਰਜ ਕੀਤੇ ਗਏ ਮੁਕਦਮਾ ਨੰਬਰ 181 ਵਿਚ ਨਾਮਜ਼ਦ ਕਰਕੇ ਗਿਰਫਤਾਰੀਪਾ ਲਈ ਗਈ ਅਤੇ ਇਸੇ ਸਬੰਧ ਵਿਚ ਪੁਲਸ ਰਾਤ ਸਮੇਂ ਭਾਈ ਕਾਉਂਕੇ ਨੂੰ ਬਲਿੰਦਰ ਸਿੰਘ ਦੇ ਕਤਲ ਸਮੇਂ ਉਪਯੋਗ ਹਥਿਆਰਾਂ ਗੀ ਬਰਾਮਦਗੀ ਲਈ ਬੇਟ ਇਲਾਕੇ ਦੇ ਪਿੰਡ ਕੰਨੀਆ ਲੈ ਕੇ ਜਾਂਦੀ ਹੈ ਤਾਂ ਉਥੇ ਪੁਲਸ ਪਾਰਟੀ ’ਤੇ ਅੱਤਵਾਦੀਆਂ ਦਾ ਹਮਲਾ ਦਿਖਾ ਕੇ ਭਾਈ ਗੁਰਦੇਵ ਸਿੰਘ ਕਾਉਂਕੇ ਵਲੋਂ ਐਸਪੀਓ ਤਰਸੇਮ ਮਾਣਕ ਦੀ ਬੈਲਟ ਤੋੜ ਕੇ ਪੁਲਿਸ ਦੀ ਹਿਰਾਸਤ ਵਿਚੋਂ ਭੱਜਿਆ ਸ਼ੋ ਕਰ ਦਿਤਾ ਗਿਆ ਪਰ ਉਸੇ ਰਾਤ ਹੀ ਭਾਈ ਕਾਉਂਕੇ ਦੀ ਲਾਸ਼ ਨੂੰ ਕੰਨੀਆ ਦਰਿਆ ਵਿਚ ਰੋੜ੍ਹ ਦਿਤਾ ਗਿਆ। ਉਸਤੋਂ ਅਗਲੇ ਹੀ ਦਿਨ ਤਤਕਾਲੀ ਐਸ ਐਸ.ਪੀ.ਸਵਰਨ ਸਿੰਘ ਘੋਟਨਾ ਦੀ ਬਦਲੀ ਕਰ ਦਿਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਥਾਂ ਤੇ ਐਸ.ਐਸ.ਪੀ ਹਰਿੰਦਰ ਸਿੰਘ ਚਾਹਲ ਨੂੰ ਲਗਾ ਦਿਤਾ ਜਾਂਦਾ ਹੈ। ਉਸ ਬਾਅਦ 1997 ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣ ਜਾਂਦੀ ਹੈ ਅਤੇ ਉਹ 6 ਜੂਨ 1988 ਨੂੰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਸੰਬੰਧ ਵਿਚ ਆਈਪੀਐਸ ਅਧਿਕਾਰੀ ਬੀ.ਪੀ ਤਿਵਾੜੀ ਦੀ ਅਗਵਾਈ ਵਿੱਚ ਇੱਕ ਜਾਂਚ ਕਮਿਸ਼ਨ ਦਾ ਗਠਨ ਕੀਤਾ ਜਾਂਦਾ ਹੈ ਅਤੇ ਉਹ ਜਾਂਚ ਕਮਿਸ਼ਨ ਇਸ ਮਾਮਲੇ ਦੀ ਜਾਂਚ ਕਰਦਾ ਹੈ। ਜਿਸ ਵਿੱਚ ਭਾਈ ਗੁਰਦੇਵ ਸਿੰਘ ਦੀ ਪਤਨੀ ਤੋਂ ਇਲਾਵਾ ਪਿੰਡ ਦੇ 40 ਲੋਕਾਂ ਦੇ ਬਿਆਨ ਕਲਮਬੰਦ ਕੀਤੇ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਦੋ ਅਹਿਮ ਵਿਅਕਤੀ ਰਣਜੀਤ ਸਿੰਘ ਕਾਉਂਕੇ ਕਲਾਂ ਅਤੇ ਹਰਚੰਦ ਸਿੰਘ ਚੂਹੜਚੱਕ ਜੋ ਕਿ ਕੁਝ ਹੋਰ ਮਾਮਲਿਆਂ ਵਿੱਚ ਪੁਲਿਸ ਦੇ ਇਸੇ ਸੀਆਈਏ ਸਟਾਫ਼ ਵਿੱਚ ਬੰਦ ਸਨ। ਇਨ੍ਹਾਂ ਦੋਵਾਂ ਤੋਂ ਵੀ ਐਸਐਸਪੀ ਸਵਰਨ ਸਿੰਘ ਘੋਟਨਾ, ਡੀ.ਐਸ.ਪੀ. ਹਰਭਗਵਾਨ ਸਿੰਘ ਅਤੇ ਇੰਸਪੈਕਟਰ ਗੁਰਮੀਤ ਸਿੰਘ ਸਾਰੇ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਨਾਲ ਹੀ ਇੰਟੈਰੋਗੇਟ ਕਰਕੇ ਦੀ ਪੁੱਛ-ਪੜਤਾਲ ਕਰਦੇ ਸਨ। ਉਨ੍ਹਾਂ ਸਾਰਿਆਂ ਦੇ ਬਿਆਨ ਕਲਮ ਬੰਦ ਕਰਕੇ ਕੀਤੇ ਗਏ ਅਤੇ ਹੋਰਨਾਂ ਤੱਥਾਂ ਦੇ ਆਧਾਰ ’ਤੇ ਬੀ.ਪੀ.ਤਿਵਾਰੀ ਕਮਿਸ਼ਨ ਨੇ ਆਪਣੀ ਰਿਪੋਰਟ ਬਣਾ ਦਿੱਤੀ ਜੁਲਾਈ 1999 ’ਚ ਇਸ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪ ਦਿੱਤਾ ਗਿਆ ਸੀ। ਪਰ ਪੁਲਿਸ ਅਧਿਕਾਰੀਆਂ ਵਿਰੁੱਧ ਇਸ ਰਿਪੋਰਟ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੁਲਿਸ ਅਧਿਕਾਰੀਆਂ ਨੇ ਦਬਾ ਦਿੱਤਾ ਸੀ। ਜਿਸ ਤੋਂ ਬਾਅਦ ਪ੍ਰਕਾਸ਼ ਸਿੰਘ ਮੁੱਖ ਮੰਤਰੀ 2007 ਅਤੇ 2012 ਵਿੱਚ ਵੀ ਰਹੇ ਅਤੇ ਸਮੇਂ-ਸਮੇਂ ’ਤੇ ਭਾਈ ਗੁਰਦੇਵ ਸਿੰਘ ਕਾਉਂਕੇ ਨਾਲ ਸਬੰਧਤ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਉਠਦੀ ਰਹੀ, ਪਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਪੰਥਕ ਕਹਾਉਣ ਵਾਲੀਆਂ ਸਰਕਾਰਾਂ ਹੋਣ ਦੇ ਬਾਵਜੂਦ ਵੀ ਬੇਅੰਤ ਸਿੰਘ ਅਤੇ ਕੱਪੀਐਸ ਦਿੱਲ ਦੀ ਜੋੜੀ ਵੱਲੋਂ ਕੀਤੀ ਗਈ ਇਸ ਬੱਜ਼ਰ ਗਲਤੀ ਅਤੇ ਇਸ ਜੋੜੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਕਾਉਂਕੇ ਦੇ ਘਿਨਾਉਣੇ ਕਤਲ ਬਾਰੇ ਭਲੀ ਭਾਂਤੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਇਸ ਰਿਪੋਰਟ ਨੂੰ ਜਨਤਕ ਕਰਕੇ ਦੋਸ਼ੀ ਪੁਲਿਸ ੱਧਿਕਾਰੀਆਂ ਖਿਲਾਫ ਕਾਰਵਾਈ ਕਰਵਾਉਣ ਦੀ ਜਰੂਰਤ ਨਹੀਂ ਸਮਝੀ ਸਗੋਂ ਇਸ ਰਿਪੋਰਟ ਨੂੰ ਹੀ ਦਬਾ ਦਿਤਾ ਗਿਆ। ਜਦੋਂ ਪੰਜਾਬ ਦੀ ਪੰਥਕ ਸਰਕਾਰ ਦੇ ਮੁਖੀ ਬਾਦਲ ਵਲੋਂ ਹੀ ਇਸਤੇ ਕਾਰਵਾਈ ਨਹੀਂ ਕੀਤੀ ਗਈ ਤਾਂ ਕਾਂਗਰਸ ਸਰਕਾਰ ਤੋਂ ਤਾਂ ਇਸਦੀ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਸੀ। ਇਹ ਵੀ ਮਹੱਤਵਪੂਰਨ ਹੈ ਕਿ ਬੀ.ਪੀ.ਤਿਵਾੜੀ ਕਮਿਸ਼ਨਰ ਵੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਖੁਦ ਹੀ ਬਣਾਇਆ ਗਿਆ ਸੀ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਇਸ ਰਿਪੋਰਟ ਨੂੰ ਹਾਸਲ ਕਰਨ ਵਿੱਚ ਸਫਲ ਰਿਹਾ ਅਤੇ ਇਹ ਰਿਪੋਰਟ ਐਡਵੋਕੇਟ ਸਰਵਜੀਤ ਸਿੰਘ ਵੇਰਕਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਗਈ ਅਤੇ ਇਸ ਰਿਪੋਰਟ ਅਨੁਸਾਰ ਕਥਿਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਭਾਈ ਗੁਰਦੇਵ ਸਿੰਘ ਦੇ ਕਤਲ ਕੇਸ ਨੂੰ ਜਨਤਕ ਕਰਨ ਦੀ ਮੰਗ ਕੀਤੀ ਗਈ ਹੈ। ਜਿਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਨੇ ਇਸ ਸਬੰਧੀ ਕਾਰਵਾਈ ਦੀ ਮੰਗ ਕਰਦਿਆਂ ਕੀਤੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਸਬੰਧੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਸ ਮਾਮਲੇ ਨੂੰ ਲੈ ਕੇ ਚਾਰਾਜੋਈ ਕਰਨ ਦਾ ਐਲਾਣ ਕੀਤਾ ਹੈ। ਪਰ ਹੁਣ ਇਥੇ ਵੱਡਾ ਹੈ ਸਵਾਲ ਇਹ ਹੈ ਕਿ ਇਸ ਮਾਮਲੇ ਵਿੱਚ ਜਿੰਨਾ ਗੁਨਾਹ ਡੀਜੀਪੀ ਕੇ.ਪੀ.ਐਸ. ਗਿੱਲ ਅਤੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦਾ ਸੀ ਉਨ੍ਹੰ ਹੀ ਗੁਨਾਹ ਪ੍ਰਕਾਸ਼ ਸਿੰਘ ਬਾਦਲ ਦਾ ਵੀ ਹੈ। ਜੋ ਸਭ ਕੁਝ ਜਾਣਦੇ ਹੋਏ ਵੀ ਪੰਜਾਬ ਵਿੱਚ 15 ਸਾਲਾਂ ਤੱਕ ਸੱਤਾ ਦਾ ਅਨੰਦ ਮਾਣਦੇ ਰਹੇ ਅਤੇ ਸਿੱਖ ਨਸਲਕੁਸ਼ੀ ਦੀਆਂ ਗੱਲਾਂ ਕਰਕੇ ਵਾਰ ਵਾਰ ਸੱਤਾ ਹਾਸਿਲ ਕੀਤੀ ਅਤੇ ਅੰਦਰੋਂ ਭਾਈ ਗੁਰਦੇਵ ਸਿੰਘ ਕਾਉਂਕੇ ਜੋ ਕਿ ਸਿੱਖਾਂ ਦੀ ਸਰਬਉੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਰਗੀ ਸਖਸ਼ੀਅਤ ਦੇ ਕਤਲ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕਾਰਵਾਈ ਹੋਣ ਦਿਤੀ। ਉਹ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਸਬੰਧੀ ਕੋਈ ਵਿਚਾਰ ਰੱਖਣਗੇ ਅਤੇ ਕਾਰਵਾਈ ਕਰਨ ਦੀ ਲੋੜ ਮਹਿਸੂਸ ਕਰਨਗੇ? ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆਂ ਵਿੱਚ ਹੁਣ ਨਹੀਂ ਹਨ ਪਰ ਕੀ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਉਨ੍ਹੰ ਦੇ ਪਿਤਾ ਪ੍ਰਕਾਸ਼ ਸਿਘ ਬਾਦਲ ਵਲੋਂ ਕੀਤੀ ਗਈ ਇਸ ਬੱਜਰ ਗਲਤੀ ਬਾਰੇ ਹੁਣ ਖੁਦ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਾਨ ਹੋਣ ਦੇ ਨਾਤੇ ਆਪਣੀ ਗਲਤੀ ਮੰਨ ਲੈਣਗੇ? ਹੁਣ ਇਹ ਕਤਲ ਦਾ ਮਾਮਲਾ ਹੌਲੀ-ਹੌਲੀ ਸੁਰਖੀਆਂ ਵਿੱਚ ਆ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਗਲੇ ਦੀ ਹੱਡੀ ਬਣ ਜਾਵੇਗਾ। ਹੁਣ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਵੋਲੰ ਇਸ ਮਾਮਲੇ ਤੇ ਆਪਣੀ ਪ੍ਰਤਿਕ੍ਰਿਆ ਦੇ ਦਿਤੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਗੰਭੀਰ ਸੰਕਟ ਵਿਚੋਂ ਕਿਵੇਂ ਉੱਭਰੇਗਾ ਅਆਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਇਸ ਗੰਭੀਰ ਮੁੱਦੇ ਨੂੰ ਕਿਸ ਤਰ੍ਹਾਂ ਲੈਂਦੀ ਹੈ ਅਤੇ ਕੀ ਕਾਰਵਾਈ ਕਰਦੀ ਹੈ ਇਸਤੇ ਸਮੁੱਚੇ ਪੰਜਾਬ ਅਤੇ ਕੌਮ ਦੀਆਂ ਨਜ਼ਰਾਂ ਹੋਣਗੀਆਂ।
ਹਰਵਿੰਦਰ ਸਿੰਘ ਸੱਗੂ।