ਬਠਿੰਡਾ,20 ਅਪ੍ਰੈਲ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਬਠਿੰਡਾ ਪੁਲਿਸ ਵੱਲੋਂ ਨਸ਼ੇ ਦੇ ਸੌਦਾਗਰਾਂ ਕੋਲੋਂ ਫੜੀ ਗਈ ਇਕ ਕਰੋੜ 85 ਲੱਖ ਰੁਪਏ ਦੀ ਡਰੱਗ ਮਨੀ ਨੂੰ ਫਰੀਜ਼ ਕਰ ਦਿੱਤਾ ਗਿਆ ਹੈ। ਉਕਤ ਡਰੱਗ ਮਨੀ ਵੱਖ-ਵੱਖ ਥਾਣਿਆਂ ਦੀ ਪੁਲਿਸ ਵੱਲੋਂ ਫੜੇ ਗਏ ਕਥਿਤ ਦੋਸ਼ੀਆਂ ਕੋਲੋਂ ਬਰਾਮਦ ਕੀਤੀ ਗਈ ਸੀ। ਉਕਤ ਮੁਲਜ਼ਮ ਵੱਡੇ ਪੱਧਰ ’ਤੇ ਨਸ਼ੇ ਦੀ ਤਸਕਰੀ ਕਰ ਰਹੇ ਸਨ। ਇਸ ਸਬੰਧੀ ਕੀਤੀ ਗਈ ਪ੍ਰੈੱਸ ਵਾਰਤਾ ਦੌਰਾਨ ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਐੱਨਡੀਪੀਐੱਸ ਐਕਟ ਤਹਿਤ ਕੁੱਲ 46 ਕੇਸ ਕੰਪੀਟੇਂਟ ਅਥਾਰਟੀ ਦਿੱਲੀ ਨੂੰ ਭੇਜੇ ਗਏ ਸਨ।ਇਨ੍ਹਾਂ ਵਿਚੋਂ ਕੁੱਲ 34 ਕੇਸ ਕੰਪੀਟੇਂਟ ਅਥਾਰਟੀ ਵੱਲੋਂ ਕਨਫਰਮ ਕਰ ਦਿੱਤੇ ਗਏ ਹਨ। ਜਿਸ ਦੇ ਚਲਦੇ ਕੁੱਲ ਇਕ ਕਰੋੜ 85 ਲੱਖ ਰੁਪਏ ਦੀ ਡਰੱਗ ਮਨੀ ਫਰੀਜ਼ ਕੀਤੀ ਗਈ ਹੈ। ਪੁਲਿਸ ਅਧਿਕਾਰੀ ਅਨੁਸਾਰ 14 ਜੁਲਾਈ 2023 ਨੂੰ ਤਾਰਾ ਚੰਦ ਵਾਸੀ ਸੋਹਨ ਪਾਲ ਜ਼ਿਲ੍ਹਾ ਚੁਰੂ (ਰਾਜਸਥਾਨ) ਦੇ ਖਿਲਾਫ ਥਾਣਾ ਕੈਨਾਲ ਕਲੋਨੀ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਪਰਚਾ ਦਰਜ ਹੋਇਆ ਸੀ। ਮੁਲਜ਼ਮ ਕੋਲੋਂ 270 ਗ੍ਰਾਮ ਹੈਰੋਇਨ ਅਤੇ ਇਕ ਕਰੋੜ 78 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਇਸੇ ਤਰ੍ਹਾਂ 5 ਜੁਲਾਈ 2024 ਨੂੰ ਥਾਣਾ ਸਿਟੀ ਰਾਮਪੁਰਾ ਵਿਖੇ ਜਗਸੀਰ ਸਿੰਘ ਵਾਸੀ ਪਿੰਡ ਮਹਿਰਾਜ ਦੇ ਖਿਲਾਫ ਕੇਸ ਦਰਜ ਹੋਇਆ ਸੀ।ਉਕਤ ਵਿਅਕਤੀ ਕੋਲੋਂ ਇਕ ਕਿਲੋ ਅਫੀਮ ਅਤੇ ਇਕ ਲੱਖ 75 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਇਸੇ ਤਰ੍ਹਾਂ 25 ਅਪ੍ਰੈਲ 2022 ਨੂੰ ਥਾਣਾ ਥਰਮਲ ਵਿਖੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਕੋਟਲੀ ਕਲਾਂ ਜ਼ਿਲ੍ਹਾ ਮਾਨਸਾ ਖਿਲਾਫ ਕੇਸ ਦਰਜ ਹੋਇਆ ਸੀ। ਕਥਿਤ ਦੋਸ਼ੀ ਕੋਲੋਂ 70 ਗ੍ਰਾਮ ਹੈਰੋਇਨ ਅਤੇ 4 ਲੱਖ 10 ਹਜ਼ਾਰ ਰੁਪਏ ਨਗਦ ਬਰਾਮਦ ਕੀਤੇ ਗਏ ਸਨ। 26 ਫਰਵਰੀ 2024 ਨੂੰ ਥਾਣਾ ਨੇਹੀਂਆਵਾਲਾ ਵਿਖੇ ਨਰੇਸ਼ ਕੁਮਾਰ ਵਾਸੀ ਗੋਨਿਆਣਾ ਮੰਡੀ ਖਿਲਾਫ ਨਸ਼ਾ ਤਸਕਰੀ ਦਾ ਪਰਚਾ ਦਰਜ ਹੋਇਆ ਸੀ। ਮੁਲਜਮ ਦੇ ਕੋਲੋਂ 10 ਗ੍ਰਾਮ ਹੈਰੋਇਨ ਅਤੇ ਇਕ ਲੱਖ 30 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ ਸਨ। ਉਕਤ ਮੁਕਦਮਿਆਂ ਦੇ ਸਬੰਧ ਵਿਚ ਕੰਪੀਟੇਂਟ ਅਥਾਰਟੀ ਵੱਲ ਦਿੱਲੀ ਵੱਲੋਂ ਆਦੇਸ਼ ਮਿਲਣ ’ਤੇ ਇਕ ਕਰੋੜ 85 ਲੱਖ ਰੁਪਏ ਦੀ ਡਰੱਗ ਮਨੀ ਫਰੀਜ਼ ਕਰ ਦਿੱਤੀ ਗਈ ਹੈ।