ਰਾਏਕੋਟ, 26 ਦਸੰਬਰ (ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਆਪਣਾ ਗੁਨਾਹ ਛੁਪਾਉਣ ਲਈ ਪਿੰਡ ਲੋਹਟਬੜ੍ਹੀ ਦੇ ਛੱਪੜ ਨੇੜੇ ਅਣਵਿਆਹੀ ਮਾਂ ਨੇ ਆਪਣੇ ਨਵ ਜੰਮੇ ਬੱਚੇ (ਲੜਕੇ) ਨੂੰ ਕੂੜੇ ਦੇ ਢੇਰ ਹੇਠ ਸੁੱਟ ਦਿੱਤਾ। ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਅਤੇ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਜਗਰਾਉਂ ਵਿਖੇ ਰਖਵਾਇਆ। ਪੁਲੀਸ ਚੌਕੀ ਲੋਹਟਬੱਦੀ ਦੇ ਇੰਚਾਰਜ ਏਐਸਆਈ ਗੁਰਸੇਵਕ ਸਿੰਘ ਗੱਸਿਆ ਕਿ ਪਿੰਡ ਲੋਹਟਬੜ੍ਹੀ ਦੇ ਰਹਿਣ ਵਾਲੇ ਅਨੰਤਪਾਲ ਸਿੰਘ ਨੇ ਦੱਸਿਆ ਕਿ ਉਹ ਪੰਚਾਇਤ ਮੈਂਬਰ ਵਰਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ, ਵਾਸੀ ਲੋਹਟਬੱਦੀ ਨਾਲ ਦੇ ਨਾਲ ਪਿੰਡ ਬ੍ਰਹਮਪੁਰ ਵੱਲ ਪੈਦਲ ਸੈਰ ਕਰਨ ਲਈ ਜਾ ਰਿਹਾ ਸੀ । ਜਦੋਂ ਅਸੀਂ ਪਿੰਡ ਦੇ ਛੱਪੜ ਨੇੜੇ ਪੁਲੀ ਕੋਲ ਪਹੁੰਚੇ ਤਾਂ ਪੁਲੀ ਦੇ ਇੱਕ ਪਾਸੇ ਦੀ ਸਫਾਈ ਦਾ ਜਾਇਜ਼ਾ ਲੈਣ ਲੱਗੇ ਤਾਂ ਦੇਖਿਆ ਕਿ ਪੁਲੀ ਦੇ ਹੇਠਾਂ ਕੂੜੇ ਵਿੱਚ ਇੱਕ ਪਾਸੇ ਨਵਜੰਮੇ ਬੱਚੇ ਦੀ ਲਾਸ਼ ਪਈ ਸੀ। ਉਕਤ ਲਾਸ਼ ਕੋਲ ਪੰਚਾਇਤ ਮੈਂਬਰ ਵਰਿੰਦਰ ਸਿੰਘ ਨੂੰ ਖੜ੍ਹਾ ਕਰਕੇ ਮੈਂ ਪੰਚਾਇਤ ਮੈਂਬਰ ਸ਼ਮਸ਼ੇਰ ਸਿੰਘ ਨੂੰ ਨਾਲ ਲੈ ਕੇ ਸੂਚਨਾ ਦੇਣ ਲਈ ਪੁਲਸ ਚੌਕੀ ਲੋਹਟਬੰਧੀ ਪਹੁੰਚਿਆ। ਅਨੰਤਪਾਲ ਸਿੰਘ ਦੀ ਸੂਚਨਾ ’ਤੇ ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਨੇ ਉਥੇ ਸੁੱਟੇ ਗਏ ਨਵਜੰਮੇ ਬੱਚੇ (ਲੜਕੇ) ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਜਗਰਾਉਂ ਭੇਜ ਦਿੱਤਾ। ਇਸ ਸਬੰਧੀ ਥਾਣਾ ਸਦਰ ਰਾਏਕੋਟ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 318 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।