ਜਗਰਾਉਂ, 26 ਦਸੰਬਰ ( ਭਗਵਾਨ ਭੰਗੂ, ਜਗਰਪੂਪ ਸੋਹੀ )-ਹਮੇਸ਼ਾ ਸੁਰਖੀਆਂ ’ਚ ਰਹਿਣ ਵਾਲੀ ਨਗਰ ਕੌਂਸਲ ਜਗਰਾਓਂ ਇਸ ਵਾਰ ਇਕ ਅਨੋਖੇ ਵਿਵਾਦ ਕਾਰਨ ਚਰਚਾ ਦਾ ਵਿਸ਼ਾ ਬਣ ਗਈ ਹੈ। ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਨਿਯੁਕਤੀ ਪੱਤਰ ਦੇਣ ਸਬੰਧੀ ਪ੍ਰੋਟੋਕੋਲ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਵਿਭਾਗ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਦਾ ਚਾਰਜ ਸੌਂਪਿਆ ਗਿਆ। ਇਸ ਤੋਂ ਪਹਿਲਾਂ ਜਦੋਂ ਜੂਨ 2023 ਵਿੱਚ ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਪ੍ਰਧਾਨ ਉਪ ਪ੍ਰਧਾਨ ਦੀਆਂ ਚੋਣਾਂ ਹੋਈਆਂ ਸਨ ਤਾਂ ਉਸਤੋਂ ਬਾਅਦ ਨਗਰਕੌਂਸਲ ਵਲੋਂ ਸੀਨੀਅਰ ਮੀਤ ਪ੍ਰਧਾਨ ਨੂੰ ਕਮਰਾ ਨੰਬਰ 5 ਅਤੇ ਜੂਨੀਅਰ ਮੀਤ ਪ੍ਰਧਾਨ ਨੂੰ ਕਮਰਾ ਨੰਬਰ 7 ਅਲਾਟ ਕੀਤਾ ਸੀ। ਇਸ ਦੇ ਨਾਲ ਹੀ ਇਹ ਹਦਾਇਤਾਂ ਵੀ ਦਿੱਤੀਆਂ ਗਈਆਂ ਕਿ ਇਨ੍ਹਾਂ ਕਮਰਿਆਂ ਵਿੱਚ ਸਾਰੇ ਕੌਂਸਲਰ ਬੈਠ ਸਕਣਗੇ ਅਤੇ ਇਹ ਕਮਰੇ ਜੁਆਇੰਟ ਰਿਟਾਇਰਿੰਗ ਰੂਮ ਹੋਣਗੇ। ਨਗਰ ਕੌਂਸਲ ਪ੍ਰਧਾਨ ਦੀ ਬਰਖਾਸਤਗੀ ਤੋਂ ਬਾਅਦ ਪ੍ਰਧਾਨ ਦੇ ਕਮਰੇ ਦੇ ਬਾਹਰ ਲਗਾਈ ਹੋਈ ਜਤਿੰਦਰ ਪਾਲ ਰਾਣਾ ਦੇ ਨਾਂ ਦੀ ਨੇਮ ਪਲੇਟ ਹਟਾ ਦਿੱਤੀ ਗਈ। ਕਾਰਜਕਾਰੀ ਪ੍ਰਧਾਨ ਬਣੇ ਅਮਰਜੀਤ ਸਿੰਘ ਨੂੰ ਜੋ ਪਹਿਲਾਂ ਕਮਰਾ ਨੰਬਰ 5 ਅਲਾਟ ਕੀਤਾ ਗਿਆ ਸੀ, ਉਸ ਕਮਰੇ ਦੇ ਬਾਹਰ ਉਸਦੀ ਨੇਮ ਪਲੇਟ ਲੱਗੀ ਹੋਈ ਸੀ ਅਤੇ ਹੁਣ ਜਦੋਂ ਉਹ ਕਾਰਜਕਾਰੀ ਪ੍ਰਧਾਨ ਬਣਿਆ ਤਾਂ ਉਸਨੇ ਨਗਰ ਕੌਂਸਲ ਪ੍ਰਧਾਨ ਵਾਲੇ ਕਮਰੇ ਦੇ ਬਾਹਰ ਵੀ ਆਪਣੇ ਨਾਮ ਗੀ ਪਲੇਟ ਲਗਾ ਦਿਤੀ ਅਤੇ ਉਸ ਵਿਚ ਬੈਠਣਾ ਸ਼ੁਰੂ ਕਰ ਦਿੱਤਾ। ਆਪਣੀ ਨੇਮ ਪਲੇਟ ਹਟਾਉਣ ’ਤੇ ਇਤਰਾਜ਼ ਜ਼ਾਹਰ ਕਰਦਿਆਂ ਜਤਿੰਦਰ ਪਾਲ ਰਾਣਾ ਨੇ ਈਓ ਨਗਰ ਕੌਂਸਲ ਜਗਰਾਉਂ, ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਨੂੰ ਪੱਤਰ ਲਿਖ ਕੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਨੇ ਆਪਣੀ ਬਰਖਾਸਤਗੀ ਸਬੰਧੀ ਕੀਤੀ ਗਈ ਕਾਰਵਾਈ ਸਬੰਧੀ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਹੈ। ਜਿਸ ਵਿੱਚ ਹਾਈਕੋਰਟ ਨੇ ਸਥਾਨਕ ਸਰਕਾਰਾਂ ਵਿਭਾਗ ਅਤੇ ਪੰਜਾਬ ਸਰਕਾਰ ਤੋਂ 20 ਮਾਰਚ 2024 ਤੱਕ ਜਵਾਬ ਮੰਗਿਆ ਹੈ। ਇਸ ਲਈ ਇਹ ਮਾਮਲਾ ਅਜੇ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਸ ਲਈ ਜਿਨ੍ਹਾਂ ਨੇ ਉਸਦੀ ਨੇਮ ਪਲੇਟ ਕਮਰੇ ਤੋਂ ਉਤਾਰੀ ਹੈ ਉਨ੍ਹਾਂ ਖਿਲਾਫ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ। ਫਿਲਹਾਲ ਇਸ ਸ਼ਿਕਾਇਤ ਦੀ ਜਾਂਚ ਈ.ਓ. ਵਲੋਂ ਕੀਤੀ ਜਾ ਰਹੀ ਹੈ ਪਰ ਇਸ ਸ਼ਿਕਾਇਤ ਤੋਂ ਬਾਅਦ ਅਮਰਜੀਤ ਸਿੰਘ ਨੇ ਸੀਨੀਅਰ ਮੀਤ ਪ੍ਰਧਾਨ ਦੇ ਕਮਰੇ ਨੰਬਰ 5 ’ਤੇ ਲੱਗੀ ਆਪਣੇ ਨਾਂ ਦੀ ਪਲੇਟ ਉਤਾਰ ਦਿੱਤੀ। ਮੰਗਲਵਾਰ ਨੂੰ ਜਦੋਂ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ, ਰਮੇਸ਼ ਕੁਮਾਰ ਉਰਫ ਮੇਸ਼ੀ ਸਹੋਤਾ ਤੇ ਹੋਰ ਕੌਂਸਲਰ ਨਗਰ ਕੌਂਸਲ ਦਫ਼ਤਰ ਪੁੱਜੇ ਤਾਂ ਉਨ੍ਹਾਂ ਕਮਰਾ ਨੰਬਰ ਪੰਜ ਵਿੱਚ ਬੈਠਣਾ ਚਾਹਿਆ ਤਾਂ ਉਸ ਕਮਰੇ ਨੂੰ ਤਾਲਾ ਲੱਗਿਆ ਹੋਇਆ ਸੀ। ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਨੇ ਕਿਹਾ ਕਿ ਇਹ ਸੀਨੀਅਰ ਮੀਤ ਪ੍ਰਧਾਨ ਦੇ ਨਾਲ-ਨਾਲ ਇਹ ਕਮਰਾ ਕੌਂਸਲਰਾਂ ਦੇ ਬੈਠਣ ਲਈ ਵੀ ਰਾਖਵਾਂ ਹੈ। ਹੁਣ ਜਦੋਂ ਸੀਨੀਅਰ ਮੀਤ ਪ੍ਰਧਾਨ ਨੇ ਆਪਣਾ ਕਮਰਾ ਬਦਲ ਲਿਆ ਹੈ ਤਾਂ ਇਸ ਕਮਰੇ ਨੂੰ ਤਾਲਾ ਲਾਉਣਾ ਗੈਰ-ਵਾਜਬ ਹੈ। ਇਸ ਸਬੰਧੀ ਜਦੋਂ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਕਮਰਾ ਨੰਬਰ ਪੰਜ ਦੀ ਚਾਬੀ ਉਨ੍ਹਾਂ ਕੋਲ ਨਹੀਂ ਸਗੋਂ ਈ.ਓ. ਕੋਲ ਹੈ।
ਕੀ ਕਹਿਣਾ ਹੈ ਈਓ ਦਾ-
ਇਸ ਸਬੰਧੀ ਜਦੋਂ ਨਗਰ ਕੌਂਸਲ ਜਗਰਾਉਂ ਦੇ ਈ.ਓ ਸੁਖਦੇਵ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕਮਰਾ ਨੰਬਰ ਪੰਜ ਨੂੰ ਤਾਲਾ ਕਿਸ ਨੇ ਲਾਇਆ ਹੈ। ਉਹ ਅੱਜ ਚੰਡੀਗੜ੍ਹ ਵਿੱਚ ਹਨ। ਬੁੱਧਵਾਰ ਨੂੰ ਉਹ ਨਗਰ ਕੌਂਸਲ ਜਗਰਾਉਂ ਪਹੁੰਚ ਕੇ ਮਾਮਲੇ ਦੀ ਜਾਂਚ ਕਰਵਾਉਣਗੇ।